ਮੈਂ ਆਪਣੇ ਪੋਤਰਿਆਂ-ਪੋਤਰੀ ਨੂੰ ਪੰਜਾਬ ਦੇ ਸਾਰੇ ਮਹੱਤਵਪੂਰਣ ਸਥਾਨ ਵਿਖਾਉਣ ਦਾ ਪੂਰਾ ਯਤਨ ਕੀਤਾ। ਸਭ ਤੋਂ ਪਹਿਲਾਂ ਮੈਂ ਉਨ੍ਹਾਂ ਨੂੰ ਆਪਣੇ ਜਨਮ ਵਾਲੇ ਸਥਾਨ, ਪਿੰਡ ਸ਼ੇਰਗੜ੍ਹ ਲੈ ਕੇ ਗਿਆ ਜਿਥੇ ਮੇਰਾ ਜਨਮ ਹੋਇਆ ਸੀ। ਉਸ ਤੋਂ ਬਾਅਦ, ਅਸੀਂ ਮੇਰੇ ਭਰਾਵਾਂ ਅਤੇ ਕਜ਼ਿਨਜ਼ ਅਤੇ ਫਿਰ ਹੋਰਨਾਂ ਪੜੋਸੀਆਂ ਦੇ ਘਰ ਗਏ।
ਇਸ ਤੋਂ ਇਲਾਵਾ ਜਿਹੜੇ ਹੋਰ ਮਹੱਤਵਪੂਰਨ ਸਥਾਨ ਜੋ ਮੈਂ ਉਨ੍ਹਾਂ ਨੂੰ ਵਿਖਾਏ ਉਹ ਸਨ ਮੇਰਾ ਸਕੂਲ ਐਸ.ਬੀ.ਏ.ਸੀ. ਹਾਈ ਸਕੂਲ, ਬਜਵਾੜਾ, ਹੁਸ਼ਿਆਰਪੁਰ ਅਤੇ ਮੇਰੀ ਧਰਮ-ਪਤਨੀ ਦਾ ਜਨਮ ਸਥਾਨ, ਪਿੰਡ ਡਾਡਾ, ਜ਼ਿਲ੍ਹਾ ਹੁਸ਼ਿਆਰਪੁਰ। ਮੇਰੇ ਪੋਤਰਿਆਂ ਨੂੰ ਇਕ ਚੀਜ਼ ਬੜੀ ਗ਼ਜ਼ਬ ਦੀ ਲੱਗੀ ਉਹ ਸਨ “ਭੰਗ” ਦੇ ਬੂਟੇ। ਇਕ ਤਾਂ ਇਥੋਂ ਤਕ ਕਹਿਣ ਲੱਗਾ ਕਿ ਇਨ੍ਹਾਂ ’ਚੋਂ ਕੁਝ ਬੂਟੇ ਨਾਲ ਲੈ ਜਾਵੇਗਾ! ਇਸ ਤੋਂ ਬਾਅਦ ਮੈਂ ਉਨ੍ਹਾਂ ਨੂੰ “ਸ਼ੀਸ਼-ਮਹਿਲ” ਜੋ ਕਿ ਹੁਸ਼ਿਆਰਪੁਰ ਸ਼ਹਿਰ ਦੀ ਇਕ ਬੜੀ ਮਹੱਤਵਪੂਰਣ ਥਾਂ ਹੈ, ਵੇਖਣ ਲਈ ਲੈ ਗਿਆ। ਇਸ ਸਥਾਨ ਦਾ ਇਤਿਹਾਸ ਕੁਝ ਇਸ ਤਰ੍ਹਾਂ ਹੈ ਕਿ ਇਕ ਬੜਾ ਧਨਾਢ ਵਿਅਕਤੀ ਸੀ ਜਿਸ ਕੋਲ ਬੇਸ਼ੁਮਾਰ ਦੌਲਤ ਸੀ। ਉਹ ਚਾਹੁੰਦਾ ਸੀ ਕਿ ਉਹ ਵਧੀਆ ਤੋਂ ਵਧੀਆ ਚੀਜ਼ਾਂ ਦਾ ਨਿਰਮਾਣ ਕਰਵਾਏ। ਇਕ ਕਾਰੀਗਰ (ਸੰਗਤਰਾਸ਼) ਸੀ ਜੋ ਅਜਿਹੀਆਂ ਮੂਰਤਾਂ ਆਦਿ ਘੜਨ ਵਿਚ ਬਹੁਤ ਮਾਹਰ ਸੀ। ਇਕ ਦਿਨ ਦੋਹਾਂ ਵਿਚ ਇਸ ਮੁੱਦੇ ਤੇ ਬਹਿਸ ਛਿੜ ਪਈ ਕਿ ਪੈਸੇ ਦੀ ਕੀਮਤ ਜ਼ਿਆਦਾ ਹੈ ਜਾਂ ਹੁਨਰ ਦੀ। ਕੁਝ ਬਹਿਸ-ਮੁਬਹਿਸੇ ਤੋਂ ਬਾਅਦ ਉਸ ਕਾਰੀਗਰ (ਸੰਗਤਰਾਸ਼) ਨੇ ਉਸ ਧਨਾਢ ਨੂੰ ਇਹ ਕਿਹਾ ਕਿ ਹੁਨਰ ਦੇ ਸਾਹਮਣੇ ਪੈਸੇ ਦੀ ਕੋਈ ਕੀਮਤ (ਇਹਮੀਅਤ) ਨਹੀਂ ਹੈ। ਧਨ ਦੀ ਤਾਂ ਤੋਟ ਆ ਸਕਦੀ ਹੈ ਪਰ ਹੁਨਰ ਦਾ ਕਦੀ ਅੰਤ ਨਹੀਂ ਹੁੰਦਾ। ਉਸ ਸੰਗਤਰਾਸ਼ ਨੇ ਬਰਤਾਨਵੀ ਰਾਜ ਦੇ ਕਈ ਵਿਅਕਤੀਆਂ ਅਤੇ ਇਸ ਤੋਂ ਇਲਾਵਾ ਬ੍ਰਿਖਾਂ ਆਦਿ ਦੀਆਂ ਕਈ ਸ਼ਾਨਦਾਰ ਮੂਰਤਾਂ ਘੜੀਆਂ। ਨਤੀਜਾ ਇਹ ਹੋਇਆ ਕਿ ਸੰਗਤਰਾਸ਼ ਉਨ੍ਹਾਂ ਵਿਚਲੀ ਬਾਜ਼ੀ ਜਿੱਤ ਗਿਆ ਅਤੇ ਧਨਾਢ ਹਾਰ ਗਿਆ ਕਿਉਂਕਿ ਧਨਾਢ ਵਿਅਕਤੀ ਕੋਲ ਉਸ ਸੰਗਤਰਾਸ਼ ਦੁਆਰਾ ਹੋਰ ਬੇਹਤਰੀਨ ਚੀਜ਼ਾਂ ਘੜਨ ਲਈ ਮਟੀਰੀਅਲ ਸਪਲਾਈ ਕਰਨ ਲਈ ਪੈਸਾ ਹੀ ਨਾ ਰਿਹਾ। ਸੰਖੇਪ ਵਿਚ, ਇਸ ਸਾਰੀ ਗੱਲ ਦਾ ਸਿੱਟਾ ਇਹ ਸਾਬਤ ਹੁੰਦਾ ਹੈ ਕਿ ਜਿਹੜਾ ਮਿਹਨਤਕਸ਼ ਇਨਸਾਨ ਹੈ / ਜਿਸ ਪਾਸ ਹੁਨਰ ਹੈ, ਉਹ ਅਜਿਹੇ ਵਿਅਕਤੀ ਨਾਲੋਂ ਕਿਤੇ ਜ਼ਿਆਦਾ ਧਨਵਾਨ ਹੈ ਜੋ ਸਿਰਫ਼ ਕਿਸੇ ਬਿਜ਼ਨਸ ਆਦਿ ਵਿਚ ਪੈਸਾ ਲਗਾ ਕੇ ਧਨ ਬਟੋਰਦਾ ਹੈ।

ਫਿਰ ਮੈਂ ਉਨ੍ਹਾਂ ਨੂੰ ਕੁਝ ਹੋਰ ਮਹੱਤਵਪੂਰਣ ਥਾਂਵਾਂ ਵਿਖਾਈਆਂ, ਜਿਵੇਂ ਕਿ:
ਪਠਾਨਕੋਟ (ਜ਼ਿਲ੍ਹਾ ਗੁਰਦਾਸਪੁਰ): ਜਿਥੇ ਨਿਰਮਲ ਗੋਗੀ ਅਤੇ ਡਾ. ਸੋਹਨ ਆਪਣੇ ਪਰਿਵਾਰ ਨਾਲ ਰਹਿੰਦੇ ਹਨ;
ਕਿਸ਼ਨਗੜ੍ਹ (ਜਲੰਧਰ): ਜਿਥੇ ਮੇਰੀ ਭੈਣ ਮਾਹੋਂ ਦੇਵੀ ਰਹਿੰਦੀ ਸੀ;
ਨਸਰਾਲਾ (ਹੁਸ਼ਿਆਰਪੁਰ): ਜਿਥੇ ਮੇਰੀ ਸਭ ਤੋਂ ਵੱਡੀ ਭੈਣ ਗੰਗੋ ਰਹਿੰਦੀ ਸੀ;
ਜੰਡੂ ਸਿੰਘਾ (ਜਲੰਧਰ): ਜਿਥੇ ਮੇਰੀ ਭੈਣ ਗੁਰਬਚਨੀ ਰਹਿੰਦੀ ਹੈ;
ਦੌਲਤਪੁਰ (ਨਵਾਂਸ਼ਹਿਰ): ਸ਼੍ਰੀ ਭਗਤ ਰਾਮ ਸੰਧੂ (ਮੇਰੇ ਬੇਟੇ ਦੇ ਸਹੁਰਾ ਸਾਹਿਬ) ਦਾ ਜਨਮ ਸਥਾਨ;
ਥੋਪੀਆ (ਤਹਿਸੀਲ ਬਲਾਚੌਰ): ਨਿਰਮਲ ਦਾ ਸਹੁਰਾ ਪਿੰਡ;
ਬਿਆਸਪਿੰਡ (ਜਲੰਧਰ): ਮੁਨੀਸ਼ (ਅੱਬਾ ਦਾ ਭਤੀਜਾ) ਦੇ ਦਾਦਕਿਆਂ ਦਾ ਪਿਤਰੀ ਪਿੰਡ;
ਡੇਰਾ ਸਚਖੰਡ ਬੱਲਾਂ, ਜਲੰਧਰ-ਪਠਾਨਕੋਟ-ਰੋਡ, ਜਲੰਧਰ;
ਸ੍ਰੀ ਹਰਮੰਦਰ ਸਾਹਿਬ (ਗੋਲਡਨ ਟੈਂਪਲ) ਅਤੇ ਦੁਰਗਿਆਨਾ ਮੰਦਰ, ਅੰਮ੍ਰਿਤਸਰ;
ਅਸੀਂ ਉੱਤਰ ਪ੍ਰਦੇਸ਼ ਵਿਚ ਤਾਜ ਮਹਿਲ ਵੀ ਵੇਖਣ ਗਏ ਅਤੇ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਦੇ ਕੁਝ ਮਹੱਤਵਪੂਰਣ ਸਥਾਨਾਂ ਤੇ ਵੀ ਗਏ।

ਹੁਣ ਤਕ ਜੋ ਕੁਝ ਵੀ ਮੈਂ ਲਿਖਿਆ ਹੈ ਮੇਰੀ ਇਹੀ ਕੋਸ਼ਿਸ਼ ਰਹੀ ਹੈ ਕਿ ਜਿਥੋਂ ਤਕ ਹੋ ਸਕੇ ਸਭ ਕੁਝ ਤੱਥਾਂ ਦੇ ਅਨੁਸਾਰ ਹੀ ਲਿਖਾਂ। ਇਹ ਸਭ ਕੁਝ ਪਰਮਾਤਮਾ ਦੀਆਂ ਅਸੀਸਾਂ ਸਦਕਾ ਹੀ ਲਿਖਿਆ ਜਾ ਸਕਿਆ ਹੈ। ਮਿਸਾਲ ਦੇ ਤੌਰ ਤੇ, ਜੇਕਰ ਪਰਮਾਤਮਾ ਇਜਾਜ਼ਤ ਦੇਵੇ ਅਤੇ ਉਹ ਮੇਰੇ ਅੰਗ-ਸੰਗ ਹੋਵੇ, ਤਾਂ ਮੈਂ ਵੇਖ ਸਕਦਾ ਹਾਂ, ਮੈਂ ਸਮਝ ਸਕਦਾ ਹਾਂ, ਮੈਂ ਬੋਲ ਸਕਦਾ ਹਾਂ, ਮੈਂ ਲਿੱਖ ਸਕਦਾ ਹਾਂ, ਮੈਂ ਚਲ-ਫਿਰ ਸਕਦਾ ਹਾਂ, ਮੈਂ ਖਾ-ਪੀ ਸਕਦਾ ਹਾਂ, ਮੈਂ ਪਾਠ-ਪੂਜਾ ਕਰ ਸਕਦਾ ਹਾਂ ਅਤੇ ਉਹ ਸਭ ਕੁਝ ਕਰ ਸਕਦਾ ਹਾਂ ਜੋ ਵੀ ਕੁਝ ਕਰਨ ਦੀ ਮੇਰੀ ਮਰਜ਼ੀ ਹੋਵੇ। ਜੇਕਰ ਉਸ ਦੀ ਮਿਹਰ ਨਾ ਹੋਵੇ, ਤਾਂ ਮੈਂ ਕੁਝ ਵੀ ਨਹੀਂ ਕਰ ਸਕਦਾ।
ਹੁਣ ਤੀਕ ਮੈਂ ਅਤੇ ਮੇਰੀ ਧਰਮ-ਪਤਨੀ ਆਪਣੇ ਬੱਚਿਆਂ (ਸਾਡੇ ਪਰਿਵਾਰ ਦੇ ਮੈਂਬਰਾਂ), ਸਾਡੀਆਂ ਨੂੰਹਾਂ ਦਾਮਾਦ, ਸਾਡੇ ਰਿਸ਼ਤੇਦਾਰਾਂ ਅਤੇ ਦੋਸਤਾਂ-ਮਿੱਤਰਾਂ ਅਤੇ ਹੋਰ ਨੇੜੇ ਦੇ ਸਾਕ-ਸਬੰਧੀਆਂ ਨਾਲ ਬਹੁਤ ਖ਼ੁਸ਼ੀ-ਖ਼ੁਸ਼ੀ ਸਮਾਂ ਬਤੀਤ ਕਰ ਰਹੇ ਹਾਂ। ਅਜਕਲ, ਅਸੀਂ ਇਥੇ ਅਤੇ ਇੰਡੀਆ ਵਿਚ ਵੀ, ਇਸ ਤਰ੍ਹਾਂ ਜੀ ਰਹੇ ਹਾਂ ਜਿਵੇਂ ਬਹਿਸ਼ਤ ਵਿਚ ਰਹਿ ਰਹੇ ਹੋਈਏ। ਸੰਸਾਰ ਵਿਚ, ਹਰ ਪਾਸੇ ਨਰਕ ਹੀ ਨਰਕ ਨਜ਼ਰ ਆਉਂਦਾ ਹੈ ਜੇਕਰ ਸਾਡੇ ਕਰਮ ਮਾੜੇ ਹਨ, ਭਾਵੇਂ ਉਹ ਸਭ ਕੁਝ ਪਰਮਾਤਮਾ ਦੀ ਆਗਿਆ ਅਨੁਸਾਰ ਹੀ ਕਿਉਂ ਨਾ ਹੋ ਰਿਹਾ ਹੋਵੇ। ਉਹ ਪਰਮਾਤਮਾ ਹੀ ਸਾਡੇ ਲਈ ਸਾਰੇ ਚੰਗੇ ਅਤੇ ਮਾੜੇ ਕਰਮ ਉਪਜਦਾ ਹੈ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਸਦਾ ਮਿਹਨਤ ਨਾਲ ਆਪਣਾ ਕੰਮ ਕਰੀਏ ਅਤੇ ਪਰਮਾਤਮਾ ਅੱਗੇ ਅਰਦਾਸ ਕਰੀਏ ਕਿ ਉਹ ਸਾਡੇ ਪਾਪ ਮਾਫ਼ ਕਰ ਦੇਵੇ ਅਤੇ ਸਾਨੂੰ ਜੀਵਨ ਵਿਚ ਚੰਗੇ ਕਰਮ ਕਰ ਸਕਣ ਦੀ ਹਿੰਮਤ ਤੇ ਤਾਕਤ ਬਖ਼ਸ਼ੇ।
ਸੰਸਾਰ ਦੇ ਸਾਰੇ ਧਰਮਾਂ ਦੀਆਂ ਸਾਰੀਆਂ ਧਾਰਮਕ ਪੁਸਤਕਾਂ ਬਹੁਤ ਸਤਿਕਾਰਯੋਗ ਹਨ ਜੋ ਸਾਨੂੰ ਚੰਗਾ ਜੀਵਨ ਬਤੀਤ ਕਰਨ ਲਈ ਇਹ ਸਿਖਿਆ ਦੇਂਦੀਆਂ ਹਨ ਕਿ ਕੰਮ ਹੀ ਪੂਜਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ “ਬਾਣੀ” ਵਿਚ ਭਾਰਤ ਦੀਆਂ ਬਹੁਤ ਧਾਰਮਕ ਅਤੇ ਮਹਾਨ ਹਸਤੀਆਂ ਦੀਆਂ ਰਚਨਾਵਾਂ ਦਰਜ ਹਨ। ਇਸ ਵਿਚ, ਇਹ ਲਿਖਿਆ ਹੋਇਆ ਹੈ ਕਿ ਪਰਮਾਤਮਾ ਇਕ ਹੈ ਅਤੇ ਉਹੀ ਪਰਮਾਤਮਾ ਧਰਤੀ ਤੇ ਵਸਦੇ, ਧਰਤੀ ਦੇ ਉਪਰ, ਅਤੇ ਧਰਤੀ ਦੇ ਹੇਠਾਂ ਸਾਰੇ ਜੀਅ-ਜੰਤੂਆਂ ਦਾ ਸਿਰਜਨਹਾਰਾ ਹੈ।
No comments:
Post a Comment