
ਮੈਂ ਯੂ.ਐਸ.ਏ. ਪ੍ਰਸ਼ਾਸਨ ਨੂੰ ਉਸ ਮੁਲਕ ਦੀ ਨਾਗਰਿਕਤਾ ਦਿੱਤੇ ਜਾਣ ਲਈ ਆਪਣੀ ਅਰਜ਼ੀ ਦਿੱਤੀ। ਅਰਜ਼ੀ ਤੇ ਕਾਰਵਾਈ ਕੀਤੇ ਜਾਣ ਤੋਂ ਬਾਅਦ ਮੈਨੂੰ 2 ਦਸੰਬਰ, 2003 ਨੂੰ ਨਾਗਰਿਕਤਾ ਅਤੇ ਨਿਆਂ ਵਿਭਾਗ (ਨੈਚੁਰਲਾਈਜ਼ੇਸ਼ਨ ਐਂਡ ਜਸਟਿਸ ਡਿਪਾਰਟਮੈਂਟ) ਵਿਖੇ ਇੰਟਰਵਿਯੂ ਲਈ ਹਾਜ਼ਰ ਹੋਣ ਲਈ ਕਿਹਾ ਗਿਆ।
ਜਿਸ ਦਿਨ ਮੇਰੀ ਇੰਟਰਵਿਯੂ ਲਈ ਗਈ, ਉਹ ਮੇਰੇ ਜੀਵਨ ਦਾ ਬੜਾ ਅਹਿਮ ਦਿਨ ਸੀ। ਮੇਰੇ ਮਾਤਾ ਜੀ, ਪਿਤਾ ਜੀ ਅਤੇ ਪਰਮਾਤਮਾ ਦੀਆਂ ਅਥਾਹ ਅਸੀਸਾਂ ਸਦਕਾ ਮੈਨੂੰ ਟੈੱਸਟ ਵਿਚ ਸਫ਼ਲ ਕਰਾਰ ਦਿੱਤਾ ਗਿਆ ਕਿਉਂਕਿ ਮੇਰੀ ਪ੍ਰਤਿਗਿਆ ਵਿਚ ਸੱਚਾਈ ਸੀ।
ਜਿਹੜਾ ਅਫ਼ਸਰ ਮੇਰਾ ਕੇਸ ਡੀਲ ਕਰ ਰਿਹਾ ਸੀ ਨੇ ਕਿਹਾ ਕਿ ਮੈਂ ਟੈੱਸਟ ਪਾਸ ਕਰ ਲਿਆ ਹੈ ਪਰ ਅਮਰੀਕਾ ਵਿਚ ਮੇਰੇ ਵਾਸ ਦਾ ਅਰਸਾ ਜਿੰਨਾ ਨਿਯਮਾਂ ਅਨੁਸਾਰ ਚਾਹੀਦਾ ਹੈ ਉਸਤੋਂ ਕੁਝ ਘੱਟ ਹੈ। ਉਸ ਅਫ਼ਸਰ ਨੇ ਮੈਨੂੰ ਇਕ ਪੱਤਰ ਦਿੱਤਾ ਜਿਸ ਵਿਚ ਮੈਨੂੰ 1996 ਤੋਂ ਲੈ ਕੇ ਉਸ ਦਿਨ ਤਕ ਜਿੱਥੇ-ਜਿੱਥੇ ਮੈਂ ਰਿਹਾ, ਦਾ ਸਾਰਾ ਵੇਰਵਾ ਦੇਣ ਲਈ ਕਿਹਾ ਗਿਆ ਸੀ। ਗੱਲ ਅਸਲ’ਚ ਇਹ ਹੋਈ ਸੀ ਕਿ ਆਪਣੀ ਅਰਜ਼ੀ ਭਰਦਿਆਂ ਮੇਰੇ ਪਾਸੋਂ ਪਾਸਪੋਰਟ ਦੀ ਇਕ ਐਂਟਰੀ, ਬੇਧਿਆਨੀ ਕਰਕੇ ਭਰਨੀ ਰਹਿ ਗਈ ਸੀ। ਬਹਿਰਹਾਲ, ਮੈਂ ਉਸ ਪੱਤਰ ਦਾ ਸਹੀ ਉੱਤਰ ਭੇਜਿਆ ਅਤੇ ਉਕਤ ਵਿਭਾਗ ਦੁਆਰਾ ਮੇਰਾ ਨਾਮ ਨਾਗਰਿਕਤਾ ਲਈ ਮਨਜ਼ੂਰ ਕਰ ਲਿਆ ਗਿਆ।
ਇਕ ਪੱਤਰ ਰਾਹੀਂ ਮੈਨੂੰ ਨਿਸ਼ਠਾ ਦੀ ਸਹੁੰ ਚੁੱਕਣ ਲਈ ਬੁਲਾਇਆ ਗਿਆ। ਪੱਤਰ ਵਿਚ ਹਦਾਇਤ ਅਨੁਸਾਰ, ਮੈਂ 25 ਫ਼ਰਵਰੀ, 2004 (ਬੁੱਧਵਾਰ) ਨੂੰ ਲੌਸ ਏਂਜਲਸ ਗਿਆ ਅਤੇ ਉਥੇ ਨਿਸ਼ਠਾ ਦੀ ਸਹੁੰ ਚੁੱਕੀ। ਉਨ੍ਹਾਂ ਨੇ ਮੈਨੂੰ ਅਮਰੀਕਾ ਦੀ ਨਾਗਰਿਕਤਾ ਦੇ ਸਬੰਧ ਵਿਚ ਇਕ ਬੜਾ ਹੀ ਸਹੁਣਾ ਸਰਟੀਫ਼ਿਕੇਟ ਦਿੱਤਾ।
ਮੈਂ ਦੋਵੇਂ ਹੱਥ ਜੋੜ ਕੇ ਆਪਣੇ ਮਾਤਾ ਜੀ ਅਤੇ ਪਿਤਾ ਜੀ ਅਤੇ ਪਰਮਾਤਮਾ ਦਾ ਧੰਨਵਾਦ ਕੀਤਾ ਜਿਨ੍ਹਾਂ ਦੀਆਂ ਅਪਾਰ ਅਸੀਸਾਂ ਸਦਕਾ ਮੈਨੂੰ (ਗੁਰਬਚਨ ਚੰਦ) ਜੋ ਕਿ ਇਕ ਗ਼ਰੀਬ, ਤਥਕਥਿਤ ਨੀਵੀਂ ਜਾਤ ਦਾ, ਬੇਸਮਝ, ਨਾਅਹਿਲ ਅਤੇ ਕੋਝੀ ਸੂਰਤ ਵਾਲਾ ਇਨਸਾਨ ਹਾਂ, ਨੂੰ ਇਕ ਮਹਾਨ ਪਦਵੀ ਪ੍ਰਦਾਨ ਕੀਤੀ ਗਈ ਸੀ। ਸੋ, ਮੈਂ ਜਾਤੀ ਤੌਰ ਤੇ ਇਹ ਮਹਿਸੂਸ ਕਰਦਾ ਹਾਂ ਕਿ ਅਮਰੀਕਾ ਵਿਸ਼ਵ ਦਾ ਅਵੱਲ ਨੰਬਰ ਦਾ ਮੁਲਕ ਹੈ ਜਿਥੇ ਹਰ ਕਿਸੇ ਨੂੰ ਜੀਵਨ ਦੇ ਹਰ ਖੇਤਰ ਵਿਚ ਇਕੋ ਜਿਹਾ ਵਿਹਾਰ ਦਿੱਤਾ ਜਾ ਰਿਹਾ ਹੈ।
ਮੈਂ ਅਤੇ ਮੇਰੇ ਪਰਿਵਾਰ ਦੇ ਮੈਂਬਰ ਆਮ ਜੀਵਨ ਬਤੀਤ ਕਰ ਰਹੇ ਹਾਂ। ਮੈਂ ਬੜਾ ਭਾਗਸ਼ਾਲੀ ਹਾਂ ਕਿ ਮੇਰੇ ਨਾਲ ਇੰਡੀਆ ਅਤੇ ਅਮਰੀਕਾ ਦੋਹਾਂ ਮੁਲਕਾਂ ਦੁਆਰਾ ਬੜੇ ਚੰਗੇ ਢੰਗ ਨਾਲ ਸਲੂਕ ਕੀਤਾ ਜਾ ਰਿਹਾ ਹੈ।
ਮੈਂ ਇੰਡੀਆ ਅਤੇ ਅਮਰੀਕਾ ਦੋਹਾਂ ਮੁਲਕਾਂ ਦਾ ਆਦਰ ਕਰਦਾ ਹਾਂ।
No comments:
Post a Comment