ਮੇਰੇ ਪਰਿਵਾਰ ਦੇ ਇਤਿਹਾਸ ਵਿਚ ਉਹ ਇਕ ਮਹਾਨ ਦਿਹਾੜਾ ਸੀ ਜਦੋਂ ਸੰਨ 1999 ਵਿਚ ਇੰਡੀਆ ਵਿਚ ਐਸ.ਏ.ਐਸ. ਨਗਰ (ਮੁਹਾਲੀ), ਜੋ ਕਿ ਚੰਡੀਗੜ੍ਹ ਦੇ ਬਿਲਕੁਲ ਨਾਲ ਲਗਦਾ ਹੈ, ਵਿਖੇ ਅਸੀਂ ਸਾਰੇ ਮੁੜ ਇਕੱਠੇ ਹੋਏ।
1998 ਵਿਚ, ਮੈਂ ਆਪਣੀ ਧਰਮ-ਪਤਨੀ ਨਾਲ ਅਮਰੀਕਾ ਵਿਚ ਦੇਵ, ਅੱਬਾ ਅਤੇ ਉਨ੍ਹਾਂ ਦੇ ਬੱਚਿਆਂ ਨਾਲ ਰਹਿ ਰਿਹਾ ਸੀ। ਇਕ ਦਿਨ ਮੇਰੀ ਧਰਮ-ਪਤਨੀ ਨੇ ਇੱਛਾ ਜ਼ਾਹਰ ਕੀਤੀ ਕਿ ਸਾਨੂੰ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਪੁਨਰ-ਮੇਲ ਦਾ ਕੋਈ ਪ੍ਰਬੰਧ ਕਰਨਾ ਚਾਹੀਦਾ ਹੈ। ਮੈਂ ਇਸ ਚੰਗੇ ਸੁਝਾਅ ਲਈ ਬੜਾ ਖ਼ੁਸ਼ ਹੋਇਆ ਅਤੇ ਅਸੀਂ ਆਪਣੇ ਪੁੱਤਰ ਅਤੇ ਨੂੰਹ ਨਾਲ ਇਸ ਸਬੰਧੀ ਸਲਾਹ-ਮਸ਼ਵਰਾ ਕਰਨਾ ਸ਼ੁਰੂ ਕੀਤਾ। ਸਾਡੇ ਮਿੱਥੇ ਪ੍ਰੋਗਰਾਮ ਅਨੁਸਾਰ ਅਮਰੀਕਾ ਵਿਚ ਵਸਦਾ ਸਾਡਾ ਸਾਰਾ ਪਰਿਵਾਰ ਇੰਡੀਆ ਪੁੱਜ ਗਿਆ। ਇਹ ਪਰਮਾਤਮਾ ਦੀ ਅਸੀਮ ਕਿਰਪਾ ਸੀ ਕਿ ਜਦੋਂ ਅਸੀਂ ਇੰਡੀਆ ਪਹੁੰਚੇ ਤਾਂ ਸਾਡੇ ਪਰਿਵਾਰ ਦੇ ਸਾਰੇ ਮੈਂਬਰ, ਰਿਸ਼ਤੇਦਾਰ ਅਤੇ ਦੋਸਤ-ਮਿੱਤਰ ਸਾਨੂੰ ਮਿਲ ਕੇ ਬਹੁਤ ਪ੍ਰਸੰਨ ਹੋਏ।
ਇਸ ਪੁਨਰ-ਮੇਲ ਦੇ ਮੱਦੇ-ਨਜ਼ਰ ਮੇਰੇ ਪੁੱਤਰ, ਚਮਨ ਲਾਲ, ਨੇ ਮੁਹਾਲੀ ਵਿਖੇ ਸਾਡੇ ਮਕਾਨ ਦੀ ਦੂਜੀ ਮੰਜ਼ਲ ਵੀ ਬੜੇ ਥੋੜ੍ਹੇ ਸਮੇਂ ਵਿਚ ਪਾ ਲਈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਉਪਰੰਤ, ਉੱਘੇ ਰਾਗੀ ਸਾਹਿਬਾਨ ਨੇ ਕੀਰਤਨ ਦੁਆਰਾ ਨਿਹਾਲ ਕੀਤਾ ਅਤੇ ਅਰਦਾਸ ਤੋਂ ਮਗਰੋਂ ਗੁਰੂ ਕਾ ਲੰਗਰ ਵਰਤਾਇਆ ਗਿਆ। ਸਾਰਾ ਸਮਾਗਮ ਬੜੇ ਸੁਹਜਪੂਰਣ ਢੰਗ ਨਾਲ ਸੰਪੰਨ ਹੋਇਆ।
No comments:
Post a Comment