
ਮੈਂ ਚੰਡੀਗੜ੍ਹ ਤੋਂ ਮਾਹਿਲਪੁਰ (ਹੁਸ਼ਿਆਰਪੁਰ) ਦੇ ਨੇੜੇ ਪਿੰਡ ਕੋਟ ਫ਼ਤੂਹੀ ਵਿਖੇ, ਆਪਣੇ ਭਤੀਜੇ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਆਇਆ, ਇਹ ਸ਼ਾਇਦ 1959 ਦੀ ਗੱਲ ਹੈ। ਜਦੋਂ ਵਿਆਹ ਦਾ ਸਾਰਾ ਕਾਰਜ ਮੁਕੰਮਲ ਹੋ ਗਿਆ ਤਾਂ ਮੈਂ ਮਾਹਿਲਪੁਰ ਤੋਂ ਹੁਸ਼ਿਆਰਪੁਰ ਲਈ ਬਸ ਪਕੜੀ। ਮੈਂ ਆਪਣਾ ਲੋਹੇ ਵਾਲਾ ਸੂਟਕੇਸ ਬਸ ਦੀ ਛੱਤ ਤੇ ਰੱਖ ਦਿੱਤਾ। ਜਦੋਂ ਬਸ ਹੁਸ਼ਿਆਰਪੁਰ ਵਿਖੇ ਅੱਡਾ ਮਾਹਿਲਪੁਰ ਪਹੁੰਚੀ, ਤਾਂ ਬਸ ਦੀ ਛੱਤ ਤੇ ਚੜ੍ਹ ਕੇ ਵੇਖਿਆ ਪਰ ਮੈਨੂੰ ਆਪਣਾ ਸੂਟਕੇਸ ਕਿਤੇ ਨਜ਼ਰ ਨਾ ਆਇਆ। ਮੈਂ ਬਸ ਦੇ ਕੰਡਕਟਰ ਨੂੰ ਦਸਿਆ ਕਿ ਮੇਰਾ ਸੂਟਕੇਸ ਨਹੀਂ ਮਿਲ ਰਿਹਾ। ਕੰਡਕਟਰ ਨੇ ਦੱਸਿਆ ਕਿ ਉਹੋ ਜਿਹਾ ਹੀ ਇਕ ਹੋਰ ਸੂਟਕੇਸ ਉਤੇ ਪਿਆ ਹੈ ਜੋ ਕੋਈ ਨਹੀਂ ਲੈ ਕੇ ਗਿਆ। ਉਸਦੀ ਰਾਏ ਵਿਚ ਅਵੱਸ਼ ਹੀ ਮੇਰਾ ਸੂਟਕੇਸ ਕਿਸੇ ਹੋਰ ਦੇ ਸੂਟਕੇਸ ਨਾਲ ਬਦਲ ਗਿਆ ਹੋਵੇਗਾ। ਉਹ ਚਾਹੁੰਦਾ ਸੀ ਕਿ ਮੈਂ ਉਥੇ ਰਹਿ ਗਿਆ ਸੂਟਕੇਸ ਲੈ ਜਾਵਾਂ ਪਰ ਮੈਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਉਹ ਸੂਟਕੇਸ ਮੇਰਾ ਨਹੀਂ ਹੈ। ਕੰਡਕਟਰ ਨੇ ਕਿਹਾ ਕਿ ਇਨ੍ਹਾਂ ਹਾਲਾਤ ਵਿਚ ਹੋਰ ਕੋਈ ਵਿਕਲਪ ਨਹੀਂ ਹੈ ਸਿਵਾ ਇਸਦੇ ਕਿ ਮੈਂ ਉਹ ਬਾਕੀ ਰਹਿ ਗਿਆ ਸੂਟਕੇਸ ਲੈ ਜਾਵਾਂ। ਇਹ ਸੋਚਕੇ ਕਿ ਵਾਕੇ ਹੀ ਹੋਰ ਕੋਈ ਵਿਕਲਪ ਨਹੀਂ ਹੈ, ਮੈਂ ਅਣਮਨੇ ਨਾਲ ਉਹ ਸੂਟਕੇਸ ਲੈ ਕੇ ਆਪਣੇ ਘਰ (ਸ਼ੇਰਗੜ੍ਹ) ਆ ਗਿਆ।
ਘਰ ਪਹੁੰਚਦਿਆਂ ਸਾਰ ਮੈਂ ਪਿੰਡ ਦੇ ਸਰਪੰਚ ਸ਼੍ਰੀ ਮਹਿੰਗਾ ਰਾਮ ਨੂੰ ਘਰ ਬੁਲਾਇਆ ਅਤੇ ਉਨ੍ਹਾਂ ਦੀ ਮੌਜੂਦਗੀ ਵਿਚ ਉਹ ਸੂਟਕੇਸ ਖੋਲ੍ਹਿਆ। ਜਦੋਂ ਸੂਟਕੇਸ ਖੋਲ੍ਹਿਆ ਗਿਆ ਤਾਂ ਸਾਰੇ ਹੈਰਾਨ ਰਹਿ ਗਏ ਕਿਉਂਕਿ ਉਸ ਦੇ ਵਿਚ ਗਹਿਣੇ ਸਨ ਭਾਵ ਇਕ ਵੱਡਾ ਸੋਨੇ ਦਾ ਸੈੱਟ, ਕੰਨਾਂ ਦੀਆਂ ਵਾਲੀਆਂ, ਮੁੰਦਰੀ ਅਤੇ ਕਾਂਟੇ, ਆਦਿ। ਉਸ ਵੇਲੇ ਦੇ ਹਿਸਾਬ ਨਾਲ ਉਨ੍ਹਾਂ ਸਾਰਿਆਂ ਦੀ ਕੀਮਤ ਲਗਭਗ 11 ਹਜ਼ਾਰ ਰੁਪਏ ਹੋਵੇਗੀ।
ਅਗਲੇ ਦਿਨ ਸਵੇਰੇ ਹੀ ਮੈਂ ਆਪਣੇ ਚਾਚਾ ਸ਼੍ਰੀ ਮੰਗਤ ਰਾਮ ਦੇ ਨਾਲ ਪ੍ਰਿੰਸੀਪਲ ਰਲਾ ਰਾਮ, ਡੀ.ਏ.ਵੀ. ਕਾਲਿਜ, ਹੁਸ਼ਿਆਰਪੁਰ, ਜੋ ਉਨ੍ਹਾਂ ਦਿਨਾਂ ਵਿਚ ਐਮ.ਐਲ.ਏ. ਵੀ ਸਨ, ਦੇ ਪਾਸ ਗਿਆ। ਅਸੀਂ ਜਿੰਨੇ ਹੋਰ ਵਿਅਕਤੀਆਂ ਨੂੰ ਦਸ ਸਕਦੇ ਸੀ, ਨੂੰ ਵੀ ਇਸ ਘਟਨਾ ਬਾਰੇ ਸੂਚਿਤ ਕਰਨ ਦੀ ਕੋਸ਼ਿਸ਼ ਕੀਤੀ। ਉਸੇ ਦਿਨ ਦੋ-ਤਿੰਨ ਵਿਅਕਤੀ ਜਿਨ੍ਹਾਂ ਵਿਚ ਪਿੰਡ ਬਾਹੋਵਾਲ ਦਾ ਸਰਪੰਚ ਵੀ ਸੀ, ਮੇਰੇ ਘਰ ਆਏ ਅਤੇ ਉਸ ਸੂਟਕੇਸ ਦੀ ਮਾਲਕੀ ਦਾ ਦਾਅਵਾ ਕੀਤਾ। ਅਸੀਂ ਉਨ੍ਹਾਂ ਨੂੰ ਕਿਹਾ ਕਿ ਕਿਉਂਜੋ ਮਾਮਲਾ ਉੱਚ-ਪੱਧਰ ਤਕ ਪਹੁੰਚ ਚੁੱਕਾ ਹੈ, ਇਸ ਲਈ ਅਸੀਂ ਉਨ੍ਹਾਂ ਨੂੰ ਸੂਟਕੇਸ ਉਥੇ ਨਹੀਂ ਦੇ ਸਕਦੇ। ਅਸੀਂ ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ ਦੇ ਦਫ਼ਤਰ ਗਏ ਅਤੇ ਉਨ੍ਹਾਂ ਦੇ ਸ਼ਨਾਖ਼ਤ ਆਦਿ ਤਸਦੀਕ ਕਰਨ ਉਪਰੰਤ ਉਹ ਸੂਟਕੇਸ ਸਾਰੇ ਸਾਮਾਨ ਸਹਿਤ ਉਨ੍ਹਾਂ ਨੂੰ ਸੌਂਪ ਦਿੱਤਾ ਗਿਆ। ਉਨ੍ਹਾਂ ਨੇ ਮੈਨੂੰ 20 ਰੁਪਏ ਇਨਾਮ ਦੇ ਤੌਰ ਤੇ ਦਿੱਤੇ। ਮੈਂ ਉਨ੍ਹਾਂ ਨੂੰ ਉਹ 20 ਰੁਪਏ ਵਾਪਸ ਕਰਦਿਆਂ ਕਿਹਾ ਕਿ ਇਹ ਰਕਮ ਮੇਰੇ ਵਲੋਂ ਉਹ ਆਪਣੀ ਧੀ (ਦੁਲਹਨ) ਨੂੰ ਮੇਰੀ ਭੈਣ ਸਮਝ ਕੇ ਸ਼ਗਨ ਦੇ ਤੌਰ ਤੇ ਦੇ ਦੇਣ। ਉਨ੍ਹਾਂ ਨੇ ਮੇਰੀ ਇਹ ਗਲ ਮੰਨ ਲਈ।
ਅਸਲ ਵਿਚ, ਉਸ ਸੂਟਕੇਸ ਦੇ ਮਾਲਕ ਦਾ ਨਾਂ ਸੀ ਸਰਦਾਰ ਜਵਾਲਾ ਸਿੰਘ, ਜੋ ਕਿ ਮਾਹਿਲਪੁਰ ਦੇ ਨੇੜੇ ਬਾਹੋਵਾਲ ਦੇ ਇਕ ਜ਼ਿਮੀਂਦਾਰ ਸਨ। ਉਨ੍ਹਾਂ ਦੀ ਧੀ, ਜਿਸਦਾ ਕਿ ਉਸ ਸੂਟਕੇਸ ਸੀ, ਆਪਣੇ ਸਹੁਰਿਉਂ ਪੇਕੇ ਆ ਰਹੀ ਸੀ। ਉਹ ਬਸ ਤੋਂ ਪਿੰਡ ਬਾਹੋਵਾਲ ਉਤਰੇ। ਤਾਂ ਬਸ ਡਰਾਈਵਰ ਦੀ ਕਾਹਲੀ ਕਾਰਣ ਉਨ੍ਹਾਂ ਦਾ ਸੂਟਕੇਸ ਮੇਰੇ ਸੂਟਕੇਸ ਨਾਲ ਬਦਲ ਗਿਆ ਸੀ।
ਮੇਰੇ ਸੂਟਕੇਸ ਵਿਚ ਸਿਰਫ਼ ਦੋ ਚਾਰ ਕਪੜੇ ਅਤੇ ਇਕ ਖੇਸੀ ਸੀ। ਉਸ ਵਿਚ ਮੇਰਾ ਕੋਈ ਪਤਾ ਆਦਿ ਵੀ ਨਹੀਂ ਸੀ ਲਿਖਿਆ ਹੋਇਆ।
ਬਹਿਰਹਾਲ, ਜਦੋਂ ਛੁੱਟੀਆਂ ਤੋਂ ਬਾਅਦ ਮੈਂ ਦਫ਼ਤਰ ਪਹੁੰਚਿਆ ਤਾਂ ਸਾਰੇ ਮੈਨੂੰ ਇਸ ਸਬੰਧੀ ਪੁੱਛਣ ਲੱਗੇ। ਉਹ ਸਾਰੇ ਇਸ ਸਬੰਧੀ ਅਖ਼ਬਾਰਾਂ ਵਿਚ ਛਪੀ ਖ਼ਬਰ ਤੋਂ ਮੇਰੀ ਇਮਾਨਦਾਰੀ ਬਾਰੇ ਬਹੁਤ ਖ਼ੁਸ਼ ਸਨ। ਮੈਂ ਵੀ ਇਹ ਜਾਣ ਕੇ ਕਿ ਇਹ ਮਾਮਲਾ ਅਖ਼ਬਾਰਾਂ ਵਿਚ ਸੁਰਖੀਆਂ ਨਾਲ ਛਪਿਆ ਹੈ ਹੈਰਾਣ ਅਤੇ ਖ਼ੁਸ਼ ਵੀ ਸਾਂ।
ਦਫ਼ਤਰ ਵਿਚ ਮੇਰੇ ਸਹਿਕਰਮੀ, ਆਪਸ ਵਿਚ ਪੈਸੇ ਇਕੱਠੇ ਕਰਨ ਲੱਗੇ ਤਾ ਕਿ ਉਹ ਮੈਨੂੰ ਅਜਿਹੇ ਇਮਾਨਦਾਰੀ ਵਾਲੇ ਕਾਰਜ ਲਈ ਇਨਾਮ ਦੇ ਸਕਣ ਜਿਸ ਸਬੰਧੀ ਉਹ ਬੜਾ ਗਰਵ ਮਹਿਸੂਸ ਕਰ ਰਹੇ ਸਨ।
ਪਰ ਮੇਰੇ ਅਫ਼ਸਰ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਹਰ ਵਿਅਕਤੀ ਤੋਂ 5 ਰੁਪਏ ਜਾਂ 2 ਰੁਪਏ ਨਾ ਇਕੱਠੇ ਕਰਨ ਕਿਉਂਕਿ ਉਸਦੀ ਇਮਾਨਦਾਰੀ ਦੇ ਮੁਕਾਬਲੇ ਪੈਸਿਆਂ ਦਾ ਇਨਾਮ ਦੇਣਾ ਕੋਈ ਅਹਿਮੀਅਤ ਨਹੀਂ ਰਖਦਾ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਉਹ ਦਿਲ ਦੀਆਂ ਗਹਿਰਾਈਆਂ ਤੋਂ ਮੈਨੂੰ ਆਪਣਾ ਸਨੇਹ ਦੇਣ, ਤਾਂ ਉਹੀ ਮੇਰੇ ਲਈ ਸਭ ਤੋਂ ਵੱਡਾ ਇਨਾਮ ਹੋਵੇਗਾ। ਇਸ ਤਰ੍ਹਾਂ, ਪੈਸੇ ਇਕੱਠੇ ਕਰਨ ਦਾ ਆਯੋਜਨ ਸਮਾਪਤ ਕਰ ਦਿੱਤਾ ਗਿਆ ਅਤੇ ਇਕੱਠੀ ਕੀਤੀ ਗਈ ਰਕਮ ਸਬੰਧਤ ਕਰਮਚਾਰੀਆਂ ਨੂੰ ਵਾਪਸ ਕਰ ਦਿੱਤੀ ਗਈ।
ਇਸ ਸਮੇਂ ਦੇ ਦੌਰਾਨ ਮਾਨਯੋਗ ਸਪੀਕਰ ਸਰਦਾਰ ਗੁਰਦਿਆਲ ਸਿੰਘ ਢਿੱਲੋਂ ਨੂੰ ਸ਼੍ਰੀ ਸੂਬੇ ਸਿੰਘ, ਆਈ.ਏ.ਐਸ. ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ, ਪਾਸੋਂ ਇਕ ਡੀ.ਓ. (ਅਰਧ-ਸਰਕਾਰੀ) ਪੱਤਰ ਪ੍ਰਾਪਤ ਹੋਇਆ ਜਿਸ ਵਿਚ ਇਹ ਸਿਫ਼ਾਰਸ਼ ਕੀਤੀ ਗਈ ਸੀ ਕਿ ਮੈਨੂੰ ਇਕ ਗ਼ਰੀਬ ਨੀਵੀਂ ਜਾਤ ਦਾ ਹੋਣ ਤੇ ਵੀ ਮਿਸਾਲਯੋਗ ਇਮਾਨਦਾਰੀ ਵਿਖਾਉਣ ਕਾਰਣ ਕੋਈ ਯੋਗ ਪੁਰਸਕਾਰ ਦੀ ਦਿੱਤਾ ਜਾਣਾ ਚਾਹੀਦਾ ਹੈ।
ਕੁਝ ਸਮੇਂ ਮਗਰੋਂ, ਮੇਰੇ ਕਿਸੇ ਸ਼ੁਭ-ਚਿੰਤਕ ਨੇ ਮੈਨੂੰ ਪੁੱਛਿਆ ਕਿ ਕੀ ਤੈਨੂੰ ਪਤਾ ਹੈ ਕਿ ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ ਨੂੰ ਸਿਫ਼ਾਰਸ਼ ਕਿਉਂ ਨਹੀਂ ਭੇਜੀ ਜਾ ਰਹੀ। ਮੈਂ ਉੱਤਰ ਦਿੱਤਾ ਕਿ ਮੈਨੂੰ ਨਹੀਂ ਪਤਾ ਕਿ ਯੋਗ ਪੁਰਸਕਾਰ ਦੀ ਸਿਫ਼ਾਰਸ਼ ਕਿਉਂ ਨਹੀਂ ਕੀਤੀ ਗਈ। ਉਸ ਨੇ ਮੈਨੂੰ ਕਿਹਾ ਕਿ ਕਿਉਂਕਿ ਤੂੰ ਪੇਂਡੂ ਇਲਾਕੇ ਦੇ ਇਕ ਗ਼ਰੀਬ ਵਰਗ ਨਾਲ ਸਬੰਧਤ ਹੈਂ, ਇਸ ਲਈ ਸਬੰਧਤ ਅਫ਼ਸਰਾਂ ਨੇ ਤੇਰੀ ਇਮਾਨਦਾਰੀ ਦੀ ਕਦਰ ਨਹੀਂ ਪਾਈ। ਇਸ ਲਈ, ਕੇਸ ਦਾਖਲ ਦਫ਼ਤਰ (ਬੰਦ) ਕਰ ਦਿੱਤਾ ਗਿਆ ਹੈ।
No comments:
Post a Comment