Saturday, February 26, 2011

ਸਪੀਕਰ ਸਾਹਿਬ ਦੇ ਬਾਹਰਲੇ ਮੁਲਕਾਂ ਦੇ ਦੌਰੇ ਦੌਰਾਨ ਭੇਜੀ ਜਾਣ ਵਾਲੀ “ਡਾਕ”

ਕਾਮਨਵੈਲਥ ਪਾਰਲੀਮੈਂਟਰੀ ਐਸੋਸਿਏਸ਼ਨ ਦੀ ਕਾਨਫ਼ਰੰਸ ਵਿਚ ਸ਼ਿਰਕਤ ਕਰਨ ਲਈ ਬਾਹਰਲੇ ਮੁਲਕਾਂ ਦੇ ਆਪਣੇ ਦੌਰੇ ਦੇ ਦੌਰਾਨ, ਮਾਨਯੋਗ ਸਪੀਕਰ ਸਾਹਿਬ ਨੇ, ਆਉਣ ਵਾਲੇ ਪੱਤਰਾਂ ਸਬੰਧੀ, ਮੇਰੇ ਉਪਰਲੇ ਅਫ਼ਸਰ, ਸ਼੍ਰੀ ਐਨ.ਐਨ.ਧਰ, ਪ੍ਰਾਈਵੇਟ ਸੈਕਟਰੀ ਟੂ ਸਪੀਕਰ, ਨੂੰ ਕਿਹਾ ਕਿ ਅਜਿਹੀ ਸਾਰੇ ਪੱਤਰ ਡਾਕ ਰਾਹੀਂ ਉਨ੍ਹਾਂ ਨੂੰ ਭੇਜੇ ਜਾਣ। ਅਜਿਹੇ ਸਾਰੇ ਪੱਤਰ ਅਸੀਂ ਮਾਨਯੋਗ ਸਪੀਕਰ ਸਾਹਿਬ ਨੂੰ "UPC" (ਪੋਸਟਲ ਸਰਟੀਫ਼ਿਕੇਟ ਅਧੀਨ) ਭੇਜਿਆ ਕਰਦੇ ਸੀ। ਇਸ ਅਨੁਸਾਰ ਮੈਂ ਡਾਕਖਾਨੇ ਜਾ ਕੇ ਇਸ ਸਬੰਧੀ ਫ਼ਾਰਮ ਲੈ ਕੇ ਅਤੇ ਲੋੜੀਂਦੀਆਂ ਡਾਕ ਟਿਕਟਾਂ ਲਗਾ ਕੇ ਐਡਰੈਸ ਆਦਿ ਲਿਖ ਕੇ ਫ਼ਾਰਮ ਅਤੇ ਡਾਕ ਡਾਕਖਾਨੇ ਦੇ ਪੋਸਟਲ ਕਲਰਕ ਨੂੰ ਦਿਆ ਕਰਦਾ, ਜੋ ਕਿ ਤਰੀਕ ਵਾਲੀ ਮੁਹਰ ਆਦਿ ਲਗਾ ਕੇ "UPC" ਵਾਲਾ ਫ਼ਾਰਮ ਜਿਸਤੇ ਪਤਾ ਹੁੰਦਾ ਸੀ, ਵਾਪਸ ਕਰਦਾ ਸੀ।


ਇਕ ਦਿਨ ਮਾਨਯੋਗ ਸਪੀਕਰ ਸਾਹਿਬ ਨੇ ਸ਼੍ਰੀ ਧਰ ਨੂੰ ਟੈਲੀਫ਼ੋਨ ਕੀਤਾ ਕਿ ਡਾਕ ਵਾਲਾ ਲਿਫ਼ਾਫ਼ਾ ਉਨ੍ਹਾਂ ਨੂੰ ਨਹੀਂ ਪਹੁੰਚਿਆ। ਸ਼੍ਰੀ ਧਰ ਨੇ ਡਾਕ ਬਾਰੇ ਮੈਨੂੰ ਪੁੱਛਿਆ। ਮੈਂ ਉਨ੍ਹਾਂ ਨੂੰ ਦਸਿਆ ਕਿ ਡਾਕ ਵਾਲਾ ਲਿਫ਼ਾਫ਼ਾ ਨਿਯਮ ਅਨੁਸਾਰ ਪੋਸਟਲ ਸਰਟੀਫ਼ਿਕੇਟ ਅਧੀਨ ਡਾਕ ਦੁਆਰਾ ਭੇਜਿਆ ਗਿਆ ਸੀ। ਸ਼੍ਰੀ ਧਰ ਨੇ ਫ਼ੋਨ ਤੇ ਮਾਨਯੋਗ ਸਪੀਕਰ ਸਾਹਿਬ ਨੂੰ ਸੂਚਿਤ ਕੀਤਾ ਕਿ ਡਾਕ ਵਾਲਾ ਲਿਫ਼ਾਫ਼ਾ ਫ਼ਲਾਂ ਮਿਤੀ ਨੂੰ ਫ਼ਲਾਂ ਪਤੇ ਤੇ ਭੇਜਿਆ ਗਿਆ ਸੀ। ਪਰ ਮਾਨਯੋਗ ਸਪੀਕਰ ਸਾਹਿਬ ਨੇ ਫ਼ੇਰ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਲਿਫ਼ਾਫ਼ਾ ਪ੍ਰਾਪਤ ਨਹੀਂ ਹੋਇਆ।


ਸ਼੍ਰੀ ਧਰ ਨੂੰ ਮੇਰੇ ਤੇ ਸ਼ੱਕ ਸੀ ਅਤੇ ਉਨ੍ਹਾਂ ਨੂੰ ਕੋਈ ਗ਼ਲਤਫ਼ਹਿਮੀ ਸੀ ਕਿ ਮੈਂ ਲਿਫ਼ਾਫ਼ਾ ਡਾਕ ਵਿਚ ਨਹੀਂ ਭੇਜਿਆ। ਜਦੋਂ ਵੀ ਉਨ੍ਹਾਂ ਨੇ ਮੈਨੂੰ ਇਸ ਬਾਰੇ ਪੁੱਛਣਾ, ਤਾਂ ਮੈਂ ਉਨ੍ਹਾਂ ਨੂੰ ਉਹੀ ਕਾਗਜ਼ ਵਿਖਾਉਣਾ ਜਿਸ ਤੇ ਡਾਕਖਾਨੇ ਦੀ ਮੁਹਰ ਅਤੇ ਪੋਸਟਲ ਸਰਟੀਫ਼ਿਕੇਟ ਸੀ। ਇਕ ਦਿਨ ਉਹ ਮੇਰੇ ਤੇ ਖ਼ਫ਼ਾ ਹੋ ਗਏ ਅਤੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਮੈਂ ਡਾਕ ਨਹੀਂ ਭੇਜੀ ਅਤੇ "UPC" ਫ਼ਰਜ਼ੀ ਹੈ। ਮੈਂ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਉਨ੍ਹਾਂ ਨੂੰ ਕਿਹਾ ਕਿ, ਜਨਾਬ, ਮੇਰੇ ਤੇ ਯਕੀਨ ਕਰੋ ਮੈਂ ਡਾਕ ਭੇਜੀ ਹੈ ਅਤੇ ਇਹ ਸਰਟੀਫ਼ਿਕੇਟ ਜਾਹਲੀ ਨਹੀਂ ਹੈ।


ਉਨ੍ਹਾਂ ਨੇ ਮੇਰੇ ਤੇ ਯਕੀਨ ਨਹੀਂ ਕੀਤਾ ਅਤੇ ਇਸ ਸਬੰਧੀ ਪੁਲਿਸ ਪਾਸ F.I.R. (ਫ਼ਰਸਟ ਇਨਫ਼ਰਮੇਸ਼ਨ ਰਿਪੋਰਟ) ਦਰਜ ਕਰਵਾ ਕੇ ਪੁਲਿਸ ਦੁਆਰਾ ਤਫ਼ਤੀਸ਼ ਕਰਵਾਉਣ ਦਾ ਮਨ ਬਣਾ ਲਿਆ। ਇਸ ਨਾਲ ਮੇਰੀ ਚਿੰਤਾ ਵੱਧ ਗਈ ਅਤੇ ਮੈਂ ਇਹ ਸੋਚਣ ਤੇ ਮਜਬੂਰ ਹੋ ਗਿਆ ਕਿ ਜਦ ਮੈਂ ਕੋਈ ਗ਼ਲਤ ਕੰਮ ਨਹੀਂ ਕੀਤਾ, ਤਾਂ ਫ਼ਿਰ ਮੈਨੂੰ ਬਿਨਾਂ ਵਜ੍ਹਾ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਿਨਾਂ ਵਿਚ ਸ਼ਾਮੀਂ ਜਦੋਂ ਮੈਂ ਘਰ ਪਹੁੰਚਦਾ ਤਾਂ ਮੇਰੀ ਧਰਮ-ਪਤਨੀ ਨੂੰ ਅਹਿਸਾਸ ਹੋਇਆ ਕਿ ਮੈਂ ਪਹਿਲਾਂ ਵਾਂਗ ਪ੍ਰਸੰਨ ਨਹੀਂ ਹਾਂ ਅਤੇ ਚੁੱਪ-ਚੁੱਪ ਕਿਉਂ ਰਹਿੰਦਾ ਹਾਂ। ਮੈਂ ਕੋਸ਼ਿਸ਼ ਕੀਤੀ ਕਿ ਉਸ ਨੂੰ ਸਾਰਾ ਕੁਝ ਨਾ ਦੱਸਾਂ। ਪਰ ਉਸ ਦੁਆਰਾ ਬਾਰ-ਬਾਰ ਜ਼ੋਰ ਦੇਣ ਤੇ, ਮੈਂ ਉਸ ਨੂੰ ਸਾਰੀ ਗੱਲ ਦੱਸ ਦਿੱਤੀ। ਤਾਂ ਉਸ ਨੇ ਕਿਹਾ ਕਿ ਤੁਹਾਨੂੰ ਉੱਕਾ ਚਿੰਤਾ ਨਹੀਂ ਕਰਨੀ ਚਾਹੀਦੀ। ਜੇਕਰ ਤੁਹਾਡੇ ਅਫ਼ਸਰ ਨੇ ਅਜਿਹੀ ਕਾਰਵਾਈ ਕਰਨ ਦਾ ਮਨ ਬਣਾ ਲਿਆ ਹੈ ਤਾਂ ਅਸੀਂ ਇਸ ਵਿਚ ਕੀ ਕਰ ਸਕਦੇ ਹਾਂ? ਅਸੀਂ ਇਸ ਵਜ੍ਹਾ ਕਰਕੇ ਤਕਰੀਬਨ ਦੋ ਹਫ਼ਤੇ ਅਤਿ ਪਰੇਸ਼ਾਨੀ ਵਿਚ ਰਹੇ। ਇਕ ਦਿਨ ਮੇਰੇ ਅਫ਼ਸਰ ਨੇ ਕੇਸ ਪੁਲਿਸ ਨੂੰ ਸੌਂਪਣ ਦਾ ਮਨ ਬਣਾ ਲਿਆ, ਪਰ ਉਸੇ ਦਿਨ ਸਪੀਕਰ ਸਾਹਿਬ ਤੋਂ ਫ਼ੋਨ ਆ ਗਿਆ ਕਿ “ਡਾਕ” ਵਾਲਾ ਲਿਫ਼ਾਫ਼ਾ ਉਨ੍ਹਾਂ ਨੂੰ ਮਿਲ ਗਿਆ ਹੈ। ਮੈਨੂੰ ਇਸ ਖ਼ੁਸ਼ਖ਼ਬਰੀ ਮਿਲਣ ਤੋਂ ਬਾਅਦ ਬੜੀ ਵੱਡੀ ਰਾਹਤ ਮਹਿਸੂਸ ਹੋਈ।


ਬਾਅਦ ਵਿਚ ਮੇਰੇ ਇਕ ਮਿੱਤਰ ਨੇ ਮੈਨੂੰ ਦੱਸਿਆ ਕਿ ਮੇਰੇ ਅਫ਼ਸਰ ਨੂੰ ਮੇਰੇ ਸਬੰਧੀ ਕੋਈ ਗ਼ਲਤ-ਫ਼ਹਿਮੀ ਹੋ ਗਈ ਸੀ। ਬਹਿਰਹਾਲ, ਇਸ ਘਟਨਾ ਤੋਂ ਬਾਅਦ ਉਨ੍ਹਾਂ ਦਾ ਮੇਰੇ ਪ੍ਰਤੀ ਰਵੱਈਆ ਕਾਫ਼ੀ ਨਰਮਾਈ ਵਾਲਾ ਰਿਹਾ।


ਇਹ ਸਾਰਾ ਮਾਮਲਾ ਭਾਵੇਂ ਬੜਾ ਸਾਫ਼ ਅਤੇ ਸੁਖਾਲਾ ਜਿਹਾ ਸੀ ਪਰ ਅਫ਼ਸਰਾਂ ਨੂੰ ਬਿਨਾਂ ਸਥਿਤੀ ਦੇ ਤੱਥਾਂ ਤੋਂ ਜਾਣੂੰ ਹੋਏ, ਆਪਣੇ ਇਮਾਨਦਾਰ ਮਾਤਹਿਤਾਂ ਪ੍ਰਤੀ ਅਜਿਹੀ ਤੰਗ ਕਰਨ ਵਾਲੀ ਨੀਤੀ ਨਹੀਂ ਅਪਣਾਉਣੀ ਚਾਹੀਦੀ।


ਸੰਨ 1964 ਵਿਚ ਪੰਜਾਬ ਸਰਕਾਰ ਨੇ ਲਤਾੜੇ ਅਤੇ ਗ਼ਰੀਬ, ਸਮਾਜਕ ਅਤੇ ਵਿਦਿਅਕ ਤੌਰ ਤੇ ਪੱਛੜੇ ਹੋਏ ਲੋਕਾਂ ਨੂੰ ਆਮ ਕਰਕੇ ਅਤੇ ਵਿਸ਼ੇਸ਼ ਕਰਕੇ ਅੁਨਸੂਚਿਤ ਜਾਤੀਆਂ ਨਾਲ ਸਬੰਧਤ ਵਿਅਕਤੀਆਂ ਦੀ ਭਲਾਈ ਅਤੇ ਵਿਕਾਸ ਲਈ ਹਦਾਇਤਾਂ ਜਾਰੀ ਕੀਤੀਆਂ ਅਤੇ ਭਾਰਤ ਦੇ ਸੰਵਿਧਾਨ ਦੇ ਮੁਤਾਬਕ, ਅਤੇ ਜਨਸੰਖਿਆ ਵਿਚ ਉਨ੍ਹਾਂ ਦੇ ਅਨੁਪਾਤ ਦੇ ਅਨੁਸਾਰ, ਨੌਕਰੀਆਂ ਵਿਚ ਇਨ੍ਹਾਂ ਵਰਗਾਂ ਨੂੰ ਤਰੱਕੀ ਵਿਚ ਰਿਜ਼ਰਵੇਸ਼ਨ ਦੇਣ ਦੀ ਨੀਤੀ ਅਪਣਾਈ।


ਉਨ੍ਹਾਂ ਦਿਨਾਂ ਵਿਚ ਮੈਂ ਬਤੌਰ ਕਲਰਕ ਕੰਮ ਕਰ ਰਿਹਾ ਸੀ। ਮੇਰੇ ਸਹਿ-ਕਰਮੀਆਂ ਨੇ ਕਿਹਾ ਕਿ ਕਿਉਂਕਿ ਮੈਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹਾਂ ਮੈਨੂੰ ਚਾਹੀਦਾ ਹੈ ਕਿ ਮੈਂ ਸਹਾਇਕ ਦੇ ਤੌਰ ਤੇ ਤਰੱਕੀ ਦਿੱਤੇ ਜਾਣ ਲਈ ਅਰਜ਼ੀ ਦਿਆਂ। ਮੈਂ ਇਸ ਸਬੰਧੀ ਅਰਜ਼ੀ ਦਿੱਤੀ, ਅਤੇ ਮੈਨੂੰ ਸਹਾਇਕ ਵਜੋਂ ਤਰੱਕੀ ਦਿੱਤੀ ਗਈ।


ਉਸ ਅਹੁਦੇ ਤੋਂ ਕੈ ਕੇ ਪੰਜਾਬ ਵਿਧਾਨ ਸਭਾ ਦੇ ਜਾਇੰਟ ਸਕੱਤਰ ਦੇ ਅਹੁਦੇ ਤਕ, ਮੈਂ ਆਪਣੇ ਫ਼ਰਾਇਜ਼ ਆਪਣੇ ਅਫ਼ਸਰਾਂ ਦੀ ਪੂਰਣ ਤਸੱਲੀ ਤਕ ਨਿਭਾਏ।


ਮੈਂ ਪੰਜਾਬ ਵਿਧਾਨ ਸਭਾ ਵਿਚ ਆਪਣਾ ਪੂਰਾ ਸਰਵਿਸ ਕਾਲ ਬੜੀ ਪ੍ਰਸੰਨਤਾ-ਪੂਰਵਕ ਨਿਭਾਇਆ ਕਿਉਂਕਿ ਮੇਰੇ ਅਫ਼ਸਰ ਅਤੇ ਮੇਰੇ ਮਾਤਹਿਤ ਸਾਰੇ ਹੀ ਬੜੇ ਹੀ ਸਹਾਈ, ਮਿਲਵਰਤਨ ਅਤੇ ਸੁਹਿਰਦ ਬਿਰਤੀ ਵਾਲੇ ਸਨ।


ਮੈਂ ਇਕ ਅਤਿ ਮਹੱਤਵਪੂਰਣ ਗੱਲ ਦਾ ਜ਼ਿਕਰ ਕਰਨਾ ਚਾਹਾਂਗਾ ਜਦੋਂ ਕਿ ਮੈਨੂੰ ਸੰਨ 1978-79 ਵਿਚ ਇਕ ਸਾਲ ਲਈ ਡੈਪੁਟੇਸ਼ਨ ਤੇ ਪੰਜਾਬ ਰਾਜ ਸ਼੍ਰੀ ਗੁਰੂ ਰਵਿਦਾਸ 600ਵੇਂ ਜਨਮ ਦਿਵਸ ਕਮੇਟੀ, ਚੰਡੀਗੜ੍ਹ ਦੇ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ। ਇਹ ਕਮੇਟੀ ਗੁਰੂ ਰਵਿਦਾਸ ਜੀ ਮਹਾਰਾਜ ਦੇ 600ਵੇਂ ਜਨਮ ਦਿਹਾੜੇ ਨੂੰ ਮਨਾਉਣ ਲਈ ਇਕ ਸਾਲ ਵਾਸਤੇ ਗਠਿਤ ਕੀਤੀ ਗਈ ਸੀ ਜਿਵੇਂ ਕਿ ਹੋਰਨਾਂ ਸਮੁਦਾਇਆਂ (ਕਮਿਯੂਨਿਟੀਜ਼) ਦੇ ਗੁਰੂ ਸਾਹਿਬਾਨਾਂ ਦੇ ਕੇਸ ਵਿਚ ਕੀਤਾ ਗਿਆ ਸੀ।


ਮਾਨਯੋਗ ਗਿਆਨੀ ਜ਼ੈਲ ਸਿੰਘ, ਜੋ ਕਿ ਉਦੋਂ ਪੰਜਾਬ ਦੇ ਮੁੱਖ ਮੰਤਰੀ ਸਨ ਅਤੇ ਬਾਅਦ ਵਿਚ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਪੰਜਾਬ ਵਜੋਂ ਇਸ ਕਮੇਟੀ ਦੇ ਅਹੁਦੇ ਦੇ ਆਧਾਰ ਤੇ ਸਭਾਪਤੀ ਬਣੇ ਕਿਉਂਜੋ ਕਾਂਗਰਸ ਪਾਰਟੀ ਦੀ ਸਰਕਾਰ ਹੱਟ ਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਸਰਕਾਰ ਬਣ ਗਈ ਸੀ। ਸ਼੍ਰੀ ਗੁਰਮੇਲ ਸਿੰਘ, ਜੋ ਉਦੋਂ ਪੰਜਾਬ ਦੇ ਮੰਤਰੀ ਸਨ ਅਤੇ ਬਾਅਦ ਵਿਚ ਸਰਦਾਰ ਕਰਤਾਰ ਸਿੰਘ ਵੈਦ, ਜੋ ਉਦੋਂ ਐਮ.ਐਲ.ਏ. (ਪੰਜਾਬ) ਸਨ, ਕ੍ਰਮਵਾਰ, ਕਮੇਟੀ ਦੇ ਕਾਰਜਕਾਰੀ ਸਭਾਪਤੀ ਸਨ। ਸ਼੍ਰੀ ਸਦਾ ਨੰਦ, ਆਈ.ਏ.ਐਸ. ਪੰਜਾਬ ਸਰਕਾਰ ਵਲੋਂ ਪ੍ਰਬੰਧਕੀ ਸਕੱਤਰ ਸਨ। ਕਮੇਟੀ ਦੇ ਮੈਂਬਰ ਸਮਾਜ ਦੇ ਹਰ ਖਿੱਤੇ, ਭਾਵ, ਧਾਰਮਕ, ਵਿਦਿਅਕ, ਸਮਾਜਕ, ਰਾਜਨੀਤਕ, ਆਦਿ ਵਿਚੋਂ ਨਾਮਜ਼ਦ ਕੀਤੇ ਗਏ ਸਨ।

No comments:

Post a Comment