
ਮੇਰਾ ਇਕ ਸਕੂਲ ਦਾ ਸਹਿਪਾਠੀ ਸੀ ਮਿਸਟਰ ਮਹਿੰਗਾ ਰਾਮ, ਜੋ ਕਿ ਜਾਤ ਦਾ “ਜੱਟ” ਸੀ। ਉਸ ਨੇ ਮੈਨੂੰ ਕਿਹਾ ਕਿ ਕਣਕਾਂ ਦੀ ਵਾਢੀ ਦੌਰਾਨ ਮੈਂ ਉਸ ਦੇ ਨਾਲ ਵਾਢੀ ਕਰਾਂ। ਉਸ ਦਿਨ ਸੂਰਜ ਦੀ ਬੜੀ ਤਪਸ਼ ਸੀ ਅਤੇ ਮੇਰੇ ਲਈ ਉਸ ਭਖਦੀ ਗਰਮੀ ਵਿਚ ਕਣਕਾਂ ਦੀ ਵਾਢੀ ਕਰਨਾ ਬਹੁਤ ਔਖਾ ਸੀ। ਮੈਂ ਪਰਮਾਤਮਾ ਨੂੰ ਅਰਦਾਸ ਕੀਤੀ ਅਤੇ ਉਸਨੂੰ ਬੇਨਤੀ ਕੀਤੀ ਕਿ ਮੈਨੂੰ ਕੋਈ ਨੌਕਰੀ ਦੇਵੇ। ਜਦੋਂ ਮੈਂ ਖੇਤਾਂ ਤੋਂ ਘਰ ਪਰਤਿਆ, ਤਾਂ ਉਸੇ ਦਿਨ ਮੇਰੇ ਮਾਤਾ ਜੀ ਨੇ ਮੈਨੂੰ ਇਕ ਲਿਫ਼ਾਫ਼ਾ ਦਿੱਤਾ। ਮੈਂ ਉਸ ਵਿਚਲਾ ਪੱਤਰ ਪੜ੍ਹਿਆ ਜੋ ਕਿ ਸਿੰਜਾਈ ਵਿਭਾਗ ਵਿਚ ਮੇਰਾ ਨਿਯੁਕਤੀ ਪੱਤਰ ਸੀ। ਮੇਰੇ ਪਰਿਵਾਰ ਨੂੰ ਬਹੁਤ ਵੱਡੀ ਰਾਹਤ ਪ੍ਰਾਪਤ ਹੋਈ। ਆਪਣੇ ਮਾਤਾ ਜੀ ਅਤੇ ਪਰਮਾਤਮਾ ਦੀਆਂ ਅਸੀਸਾਂ ਨਾਲ ਮੈਂ ਆਪਣੀ ਨੌਕਰੀ ਜਾਇਨ ਕੀਤੀ ਅਤੇ ਅੰਬਾਲੇ ਵਿਖੇ ਕੰਮ ਕਰਨਾ ਸ਼ੁਰੂ ਕੀਤਾ। ਉਹ ਮੇਰੇ ਜੀਵਨ ਦਾ ਇਕ ਬਹੁਤ ਮਹੱਤਵਪੂਰਣ ਦਿਨ ਸੀ।
ਕੁਝ ਸਮੇਂ ਬਾਅਦ, ਸ਼ਾਇਦ ਇਕ ਸਾਲ ਬਾਅਦ, ਮੇਰੀ ਬਦਲੀ ਬਠਿੰਡੇ ਹੋ ਗਈ। ਮੈਂ ਬੜੀ ਇਮਾਨਦਾਰੀ ਨਾਲ ਆਪਣਾ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਇਕ ਦਿਨ ਇਕ ਜ਼ਿਮੀਂਦਾਰ ਸਾਡੇ ਦਫ਼ਤਰ ਵਿਚ ਆਇਆ: ਉਸ ਦਿਨ ਮੇਰੇ ਤੋਂ ਉਪਰਲਾ ਅਫ਼ਸਰ ਛੁੱਟੀ ਤੇ ਸੀ। ਉਸ ਜ਼ਿਮੀਂਦਾਰ ਨੇ “ਮੋਘੇ” ਲਈ ਦਿੱਤੀ ਆਪਣੀ ਅਰਜ਼ੀ ਦੇ ਸਬੰਧ ਵਿਚ ਪੁੱਛਿਆ। ਮੈਂ ਉਸ ਨੂੰ ਲੋੜੀਂਦੀ ਜਾਣਕਾਰੀ ਦੇ ਦਿੱਤੀ ਅਤੇ ਉਸ ਨੇ ਮੈਨੂੰ 5 ਜਾਂ 10 ਰੁਪਏ ਦਾ ਨੋਟ ਦਿੱਤਾ ਅਤੇ ਕਿਹਾ ਕਿ ਮੈਂ ਘਰ ਮਠਾਈ ਲੈ ਜਾਵਾਂ। ਉਨ੍ਹਾਂ ਦਿਨਾਂ ਵਿਚ ਮੇਰੀ ਧਰਮ-ਪਤਨੀ ਅਤੇ ਮੇਰਾ ਬੇਟਾ ਦੇਵ ਰਾਜ ਹਾਲ ਹੀ ਵਿਚ ਸ਼ੇਰਗੜ੍ਹ ਤੋਂ ਬਠਿੰਡੇ ਆਏ ਸਨ। ਮੈਂ ਉਹ ਨੋਟ ਆਪਣੀ ਪੈਂਟ ਦੀ ਜੇਬ ਵਿਚ ਰੱਖ ਲਿਆ। ਸੰਜੋਗ ਨਾਲ ਉਸੇ ਸ਼ਾਮ ਮੈਂ ਸਿਨਮਾ ਹਾਲ ਵਿਚ ਕੋਈ ਪਿਕਚਰ ਵੇਖਣ ਚਲਾ ਗਿਆ। ਮੇਰੀ ਧਰਮ-ਪਤਨੀ ਨੇ ਮਗਰੋਂ ਕਪੜੇ ਧੋਤੇ ਜਿਨ੍ਹਾਂ ਵਿਚ ਮੇਰੀ ਉਹ ਪੈਂਟ ਵੀ ਸੀ। ਉਦੋਂ ਕਪੜੇ ਧੋਣ ਲਈ ਪਹਿਲਾਂ ਕਪੜਿਆਂ ਨੂੰ ਸਾਬਣ ਦੇ ਟੁਕੜਿਆਂ ਵਾਲੇ ਪਾਣੀ ਵਿਚ ਪਾ ਕੇ ਉਬਾਲਿਆ ਜਾਂਦਾ ਸੀ।
ਮੇਰੀ ਧਰਮ-ਪਤਨੀ ਨੇ ਅਜਿਹਾ ਹੀ ਕੀਤਾ – ਕਪੜਿਆਂ ਨੂੰ ਸਾਬਣ ਵਾਲੇ ਪਾਣੀ ਵਿਚ ਉਬਾਲ ਕੇ ਥਾਪੀ ਨਾਲ ਕੁੱਟ-ਕੁੱਟ ਕੇ ਸਾਫ਼ ਕੀਤਾ ਜਿਸਦੇ ਸਿੱਟੇ ਵਜੋਂ ਉਹ ਵਾਲਾ ਨੋਟ ਅਤੇ ਨਾਲ ਹੀ ਮੇਰੇ ਆਪਣੇ ਵੀ ਕੁਝ ਨੋਟ ਮਲੀਦਾ ਬਣ ਗਏ।
ਇਹ ਮੇਰੇ ਲਈ ਪਹਿਲਾ ਸਬਕ ਸੀ ਕਿ ਸਾਨੂੰ ਕਿਸੇ ਕੋਲੋਂ ਕੋਈ ਪੈਸਾ ਨਹੀਂ ਲੈਣਾ/ਪ੍ਰਾਪਤ ਕਰਨਾ ਚਾਹੀਦਾ ਸਿਵਾਏ ਉਸਦੇ ਜੋ ਅਸੀਂ ਕਮਾਇਆ ਹੋਵੇ। ਉਸ ਦਿਨ ਪਰਮਾਤਮਾ ਨੇ ਮੇਰੇ ਉਤੇ ਬਖ਼ਸ਼ਿਸ਼ ਕੀਤੀ ਅਤੇ ਮੈਨੂੰ ਮਨ ਦਾ ਸੰਤੋਖ ਪ੍ਰਾਪਤ ਹੋਇਆ। ਉਸ ਦਿਨ ਤੋਂ ਮੈਨੂੰ ਵਿਸ਼ਵਾਸ ਬੱਝ ਗਿਆ ਕਿ ਪਰਮਾਤਮਾ ਸਦਾ ਮੇਰੇ ਅੰਗ-ਸੰਗ ਹੈ ਅਤੇ ਉਹ ਹਰ ਕਾਰਜ ਵਿਚ ਮੇਰਾ ਸਹਾਈ ਹੈ।
ਜਦੋਂ ਮੈਂ ਬਠਿੰਡਾ ਵਿਖੇ ਬਤੌਰ ਇਕ ਸਹਾਇਕ ਕਲਰਕ ਦੇ ਕੰਮ ਕਰ ਰਿਹਾ ਸੀ ਤਾਂ ਅਖ਼ਬਾਰ ਵਿਚ ਇਕ ਖ਼ਬਰ ਛਪੀ ਕਿ ਪੱਕੀ ਨੌਕਰੀ ਪ੍ਰਾਪਤ ਕਰਨ ਕਈ ਸਾਨੂੰ ਸੁਬਾਰਡੀਨੇਟ ਸਰਵਿਸਿਜ਼ ਸਲੈਕਸ਼ਨ ਬੋਰਡ, ਪੰਜਾਬ, ਚੰਡੀਗੜ੍ਹ, ਪਾਸ ਅਪਲਾਈ ਕਰਨਾ ਚਾਹੀਦਾ ਹੈ। ਮੈਂ ਆਪਣੀ ਅਰਜ਼ੀ ਦੇ ਦਿੱਤੀ ਅਤੇ ਅੰਗ੍ਰੇਜ਼ੀ ਦਾ ਟਾਈਪ ਟੈੱਸਟ ਵੀ ਪਾਸ ਕਰ ਲਿਆ। ਉਕਤ ਬੋਰਡ ਨੇ ਪੰਜਾਬ ਵਿਧਾਨ ਸਭਾ ਸਕੱਤਰੇਤ, ਚੰਡੀਗੜ੍ਹ (ਪੰਜਾਬ ਲੈਜਿਸਲੇਟਿਵ ਅਸੈਂਬਲੀ ਸੈਕਰੀਟੇਰੀਏਟ) ਵਿਚ ਬਤੌਰ ਕਲਰਕ ਮੇਰੇ ਨਾਮ ਦੀ ਸਿਫ਼ਾਰਸ਼ ਕਰ ਦਿੱਤੀ – ਇਹ ਸ਼ਾਇਦ 1957-58 ਦੀ ਗੱਲ ਹੈ।
ਮੈਂ ਪੰਜਾਬ ਵਿਧਾਨ ਸਭਾ ਸਕੱਤਰੇਤ ਵਿਚ ਬਤੌਰ ਇਕ ਸਿਵਲ ਕਰਮਚਾਰੀ ਦੇ 39 ਸਾਲ ਤੋਂ ਵੱਧ ਦੀ ਨੌਕਰੀ ਕੀਤੀ ਅਤੇ ਆਪਣੇ ਮਾਤਾ, ਪਿਤਾ, ਆਪਣੇ ਅਫ਼ਸਰਾਂ ਅਤੇ ਮਾਤਹਿਤਾਂ, ਆਪਣੇ ਸਹਿ-ਕਰਮੀਆਂ, ਆਪਣੇ ਭਰਾਵਾਂ, ਆਪਣੀ ਭੈਣ, ਆਪਣੀ ਧਰਮ-ਪਤਨੀ, ਆਪਣੇ ਬੱਚਿਆਂ, ਆਪਣੇ ਰਿਸ਼ਤੇਦਾਰਾਂ, ਆਪਣੇ ਦੋਸਤਾਂ, ਆਪਣੇ ਨਿਕਟਵਰਤੀਆਂ ਅਤੇ ਸਭ ਤੋਂ ਵੱਧ ਆਪਣੇ ਅਧਿਆਤਮਕ ਗੁਰੂ ਅਤੇ ਸਰਵ-ਸ਼ਕਤੀਮਾਨ ਪਰਮਾਤਮਾ ਦੀਆਂ ਬਖ਼ਸ਼ਿਸ਼ਾਂ ਸਦਕਾ ਸੰਨ 1995 ਵਿਚ ਬਤੌਰ ਜਾਇੰਟ ਸਕੱਤਰ, ਜੋ ਕਿ ਸੈਕਟਰੀ ਤੋਂ ਹੇਠਲਾ ਔਹਦਾ ਹੈ, ਰਿਟਾਇਰ ਹੋਇਆ।
No comments:
Post a Comment