Saturday, February 26, 2011

ਅਮਰੀਕਾ ਦੀ ਮੇਰੀ ਦੂਸਰੀ ਫੇਰੀ (1989): ਮੈਂ ਆਪਣੀਆਂ ਅੱਖਾਂ ਦੀ ਜੋਤ ਮੁੜ ਪ੍ਰਾਪਤ ਕੀਤੀ

1989 ਵਿਚ, ਮੈਂ ਪੀ.ਜੀ.ਆਈ., ਚੰਡੀਗੜ੍ਹ, ਤੋਂ ਆਪਣੀਆਂ ਅੱਖਾਂ ਚੈੱਕ ਕਰਵਾਈਆਂ ਅਤੇ ਡਾਕਟਰਾਂ ਦੇ ਕਹਿਣ ਅਨੁਸਾਰ ਪਤਾ ਲੱਗਾ ਕਿ ਮੇਰੀ ਨਜ਼ਰ ਬਹੁਤ ਕਮਜ਼ੋਰ ਹੋ ਗਈ ਸੀ। ਮੈਂ ਸੰਨ 1966 ਤੋਂ ਮੋਤੀਆਬਿੰਦ (ਗਲਾਕੋਮਾ) ਦਾ ਮਰੀਜ਼ ਸਾਂ ਜਦੋਂ ਪੀ.ਜੀ.ਆਈ. ਵਿਖੇ ਮੇਰੀਆਂ ਦੋਹਾਂ ਅੱਖਾਂ ਦਾ ਓਪ੍ਰੇਸ਼ਨ ਹੋਇਆ ਸੀ। ਇਸ ਤੋਂ ਪਹਿਲਾਂ, ਮੈਨੂੰ ਆਪਣੇ ਮਾਪਿਆਂ ਦੀ ਅਤਿ ਗ਼ਰੀਬੀ ਅਤੇ ਵਿਦਿਆ/ਗਿਆਨ ਦੀ ਅਣਹੋਂਦ ਕਾਰਣ ਆਪਣੀ ਨਜ਼ਰ ਦੀ ਇਸ ਤਕਲੀਫ਼ ਬਾਰੇ ਪਤਾ ਨਹੀਂ ਸੀ। ਮੇਰੇ ਮਾਤਾ ਜੀ ਅਤੇ ਮੇਰੇ ਦੋ ਵੱਡੇ ਭਰਾਵਾਂ ਨੂੰ ਵੀ ਇਹ ਬਿਮਾਰੀ ਸੀ।


ਮੈਂ ਆਪਣੇ ਡਾਕਟਰ ਨੂੰ ਦੱਸਿਆ ਕਿ ਮੇਰਾ ਬੇਟਾ ਆਪਣੇ ਪਰਿਵਾਰ ਨਾਲ ਅਮਰੀਕਾ ਵਿਚ ਰਹਿ ਰਿਹਾ ਹੈ। ਤਾਂ ਡਾਕਟਰ ਨੇ ਤੁਰੰਤ ਮੈਨੂੰ ਕਿਹਾ ਅਤੇ ਸਲਾਹ ਦਿੱਤੀ ਕਿ ਮੈਂ ਇਲਾਜ ਲਈ ਤੁਰੰਤ ਅਮਰੀਕਾ ਚਲਾ ਜਾਵਾਂ। ਮੈਂ ਆਪਣੀਆਂ ਅੱਖਾਂ ਦੇ ਇਲਾਜ ਲਈ ਅਮਰੀਕਾ ਜਾਣ ਲਈ ਸਾਰੇ ਪ੍ਰਬੰਧ ਕੀਤੇ ਅਤੇ 1989 ਵਿਚ ਉਥੇ ਚਲਾ ਗਿਆ। ਜਦੋਂ ਮੈਂ ਆਪਣੇ ਪੁੱਤਰ ਦੇ ਘਰ ਪਹੁੰਚਿਆ ਤਾਂ ਉਸ ਸਮੇਂ ਮੈਨੂੰ ਉਨ੍ਹਾਂ ਦੇ ਚਿਹਰੇ ਵੀ ਸਪੱਸ਼ਟ ਨਜ਼ਰ ਨਹੀਂ ਸੀ ਆਉਂਦੇ ਕਿ ਮੈਂ ਸਹੀ ਪਛਾਣ ਕਰ ਸਕਦਾ।


ਅਮਰੀਕਾ ਪੁੱਜਣ ਤੋਂ ਬਾਅਦ, ਮੇਰੀਆਂ ਅੱਖਾਂ ਦਾ ਇਲਾਜ ਤੁਰਤ ਸ਼ੁਰੂ ਕਰ ਦਿੱਤਾ ਗਿਆ। ਮੈਂ ਆਪਣੇ ਪੁੱਤਰ ਨੂੰ ਕਿਹਾ ਕਿ ਓਪ੍ਰੇਸ਼ਨ ਵਾਲੇ ਦਿਨ, ਮੈਂ ਪਹਿਲਾਂ ਅਰਦਾਸ ਕਰਨ ਲਈ ਬੁਏਨਾ ਪਾਰਕ (ਅਮਰੀਕਾ) ਦੇ ਗੁਰੂ ਨਾਨਕ ਸਿੱਖ ਟੈਂਪਲ ਵਿਚ ਜਾਣਾ ਚਾਹੁੰਦਾ ਹਾਂ, ਅਤੇ ਉਸ ਤੋਂ ਬਾਅਦ ਅਸੀਂ ਹਸਪਤਾਲ ਜਾਵਾਂਗੇ। ਉਸ ਵੇਲੇ ਗੁਰਦੁਆਰਾ ਸਾਡੇ ਘਰ ਤੋਂ ਕਾਫ਼ੀ ਦੂਰੀ ਤੇ ਸੀ। ਹੁਣ ਤਾਂ ਇਕ ਨਵਾਂ ਗੁਰਦੁਆਰਾ ਸਾਡੇ ਘਰ ਦੇ ਬਿਲਕੁਲ ਨੇੜੇ ਹੀ ਬਣ ਗਿਆ ਹੈ। ਅਸੀਂ ਗੁਰਦੁਆਰਾ ਸਾਹਿਬ ਗਏ ਅਤੇ ਮੈਂ ਅਰਦਾਸ ਕੀਤੀ। ਮੇਰੀ ਇਹ ਆਪਣੀ ਮਨਸ਼ਾ ਸੀ ਕਿ ਮੈਂ ਖ਼ੁਦ ਅਰਦਾਸ ਕਰਾਂ। ਮੈਂ ਅਰਦਾਸ ਕੀਤੀ ਅਤੇ ਫ਼ਿਰ ਅਸੀਂ ਹਸਪਤਾਲ ਗਏ। ਮੈਨੂੰ ਯਾਦ ਹੈ ਕਿ ਓਪ੍ਰੇਸ਼ਨ ਦਾ ਸਮਾਂ ਸੱਜਰੇ ਸਵੇਰੇ ਸੀ।


ਓਪ੍ਰੇਸ਼ਨ ਤੋਂ ਪਹਿਲਾਂ ਡਾਕਟਰ (ਡੀ. ਫ਼ਾਜ਼ੀਓ) ਨੇ ਓਪ੍ਰੇਸ਼ਨ ਦੇ ਸਬੰਧ ਵਿਚ ਮੈਨੂੰ ਸਾਰਾ ਕੁਝ ਦਸਿਆ। ਡਾਕਟਰ ਦੇ ਅੰਤਲੇ ਸ਼ਬਦ ਸਨ, ਕਿ ਉਸਨੂੰ ਆਸ ਹੈ ਕਿ 99% ਸਫ਼ਲਤਾ ਮਿਲੇਗੀ ਪਰ 1% ਰਿਸਕ ਵੀ ਹੈ ਅਤੇ ਇਸ 1% ਰਿਸਕ ਨਾਲ ਕੁਝ ਵੀ ਹੋ ਸਕਦਾ ਹੈ ਭਾਵ ਜੇਕਰ ਖ਼ੂਨ ਵਹਿਣਾ ਸ਼ੁਰੂ ਹੋ ਗਿਆ ਤਾਂ ਉਹ ਕੁਝ ਨਹੀਂ ਕਰ ਸਕਦੀ। ਤੁਰੰਤ ਉਸਨੇ ਮੈਨੂੰ ਪੁੱਛਿਆ, ਕੀ ਤੁਹਾਨੂੰ ਡਰ ਲੱਗ ਰਿਹਾ ਹੈ? ਮੈਂ ਜਵਾਬ ਦਿੱਤਾ ਕਿ ਜਦ ਮਾਹਿਰ ਡਾਕਟਰ ਉਥੇ ਮੌਜੂਦ ਹਨ ਅਤੇ ਮੇਰਾ ਧਿਆਨ ਰੱਖ ਰਹੇ ਹਨ, ਤਾਂ ਮੈਨੂੰ ਡਰ ਜਾਂ ਚਿੰਤਾ ਕਿਵੇਂ ਹੋ ਸਕਦੀ ਹੈ। ਉਸਨੇ ਸਰਾਹਣਾ ਕੀਤੀ। ਉਸਨੇ ਇਹ ਵੀ ਕਿਹਾ ਕਿ ਮੈਨੂੰ ਜਨਰਲ ਐਨਸਥੀਜ਼ਿਆ ਦਿੱਤਾ ਜਾਵੇਗਾ, ਭਾਵ ਮੈਨੂੰ ਬੇਹੋਸ਼ ਕੀਤਾ ਜਾਵੇਗਾ, ਤਾਂ ਕਿ ਮੈਂ ਓਪ੍ਰੇਸ਼ਨ ਦੌਰਾਨ ਕਿਸੇ ਕਿਸਮ ਨਾਲ ਨਾ ਹਿੱਲਾਂ-ਡੁਲ੍ਹਾਂ। ਮੈਂ ਕਿਹਾ ਕਿ ਕੋਈ ਗੱਲ ਨਹੀਂ ਪਰਮਾਤਮਾ ਸਾਡੇ ਸਾਰਿਆਂ ਤੇ ਬਖ਼ਸ਼ਿਸ਼ ਕਰੇ। ਓਪ੍ਰੇਸ਼ਨ ਸ਼ੁਰੂ ਕੀਤਾ ਗਿਆ ਪਰ ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਕੀ ਕੀਤਾ। ਜਦੋਂ ਮੈਨੂੰ ਹੋਸ਼ ਆਈ ਤਾਂ ਡਾਕਟਰ ਨੇ ਮੈਨੂੰ ਦਸਿਆ ਕਿ ਓਪ੍ਰੇਸ਼ਨ ਸਫ਼ਲ ਹੋਇਆ ਹੈ ਅਤੇ ਅਗਲੇ ਦਿਨ ਮੈਨੂੰ ਘਰ ਜਾਣ ਲਈ ਕਿਹਾ ਗਿਆ। ਇਕ ਦਿਨ ਮਗਰੋਂ ਡਾਕਟਰ ਨੇ ਮੇਰੀ ਪੱਟੀ ਖੋਲ੍ਹੀ ਅਤੇ ਦੁਬਾਰਾ ਫਿਰ ਕਿਹਾ ਕਿ ਸਭ ਕੁਝ ਠੀਕ-ਠਾਕ ਹੈ।


ਇਥੇ ਮੈਂ ਇਸ ਗੱਲ ਦਾ ਜ਼ਿਕਰ ਕਰਨਾ ਚਾਹਾਂਗਾ ਕਿ ਮੇਰੀਆਂ ਅੱਖਾਂ ਦੇ ਇਲਾਜ ਲਈ ਮੇਰੀ ਨੂੰਹ ਸ਼੍ਰੀਮਤੀ ਅੱਬਾ ਜੋ ਕਿ ਬੜੀ ਆਗਿਆਕਾਰੀ ਅਤੇ ਮਿਹਨਤੀ ਹੈ, ਦੁਆਰਾ ਲਈ ਗਈ ਰੁਚੀ, ਨਿਭਾਈ ਗਈ ਭੂਮਿਕਾ ਅਤੇ ਦਿੱਤਾ ਗਿਆ ਸਮਾਂ ਬਹੁਤ ਸਰਾਹਣਾਯੋਗ ਹੈ। ਮੇਰੇ ਪਾਸ ਉਸਦੀ ਸਿਫ਼ਤ ਕਰਨ ਲਈ ਅਲਫ਼ਾਜ਼ ਨਹੀਂ ਹਨ। ਇਸ ਤੋਂ ਇਲਾਵਾ, ਮੇਰੀ ਧਰਮ-ਪਤਨੀ, ਬੇਟੇ, ਮੇਰੇ ਪੋਤਰਿਆਂ, ਪੋਤਰੀ ਅਤੇ ਅੱਬਾ ਦੇ ਪੇਕਿਆਂ ਵਲੋਂ ਰਿਸ਼ਤੇਦਾਰਾਂ ਅਤੇ ਹੋਰ ਨੇੜਲੇ ਪਿਆਰ ਵਾਲੇ ਸੱਜਨਾਂ ਨੇ ਮੇਰੀ ਪੂਰੀ ਮਦਦ ਕੀਤੀ।


ਸਮਾਂ ਪਾ ਕੇ ਹੌਲੀ-ਹੌਲੀ ਅੱਖਾਂ ਦਾ ਧੁੰਦਲਾਪਨ ਹੱਟਣ ਲੱਗਾ। ਅਤੇ ਫਿਰ ਕੁਝ ਦਿਨਾਂ ਮਗਰੋਂ ਕੁਝ ਨਜ਼ਰ ਆਉਣ ਲੱਗਾ ਅਤੇ ਕੁਝ ਮਹੀਨਿਆਂ ਬਾਅਦ ਹੋਰ ਸਪੱਸ਼ਟ ਨਜ਼ਰ ਆਉਣ ਲੱਗਾ। ਇਸ ਤਰ੍ਹਾਂ, ਮੈਨੂੰ ਆਪਣੀ ਨਜ਼ਰ ਦੀ ਜੋਤ ਮੁੜ ਪ੍ਰਾਪਤ ਹੋਈ। ਇਹ ਮੇਰੀ ਅਮਰੀਕਾ ਫੇਰੀ ਦੇ ਕਾਰਣ ਹੀ ਸੀ ਕਿ ਮੈਨੂੰ ਅੱਖਾਂ ਦੀ ਜੋਤ ਵਾਪਸ ਮਿਲੀ ਅਤੇ ਹੁਣ ਤੀਕਰ ਮੈਂ ਪਰਮਾਤਮਾ ਦੀ ਇਸ ਅਦਭੁਤ ਰਚਨਾ ਨੂੰ ਵੇਖ ਰਿਹਾ ਹਾਂ ਅਤੇ ਖ਼ੁਸ਼ੀ ਨਾਲ ਆਪਣੀ ਜ਼ਿੰਦਗੀ ਨੂੰ ਮਾਣ ਰਿਹਾ ਹਾਂ।


1989 ਦਾ ਵਰ੍ਹਾ ਮੇਰੇ ਜੀਵਨ ਲਈ ਸਭ ਤੋਂ ਵੱਧ ਖ਼ੁਸ਼ੀਆਂ ਨਾਲ ਭਰਪੂਰ ਰਿਹਾ, ਜਦੋਂ ਮੈਨੂੰ ਮੇਰੀਆਂ ਅੱਖਾਂ ਦੀ ਰੌਸ਼ਨੀ ਮੁੜ ਪ੍ਰਾਪਤ ਹੋਈ ਅਤੇ ਇਸ ਤੋਂ ਇਲਾਵਾ ਮੈਨੂੰ ਅਤੇ ਮੇਰੀ ਧਰਮ-ਪਤਨੀ ਨੂੰ ਗਰੀਨ ਕਾਰਡ ਵੀ ਪ੍ਰਾਪਤ ਹੋਇਆ। ਇਸਦੇ ਲਈ, ਆਪਣੇ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ, ਸਿੰਗੜੀਵਾਲਾ ਦੇ ਸ਼੍ਰੀ ਹਰਬੰਸ ਲਾਲ, ਮੈਨੇਜਰ ਸੈਂਟ੍ਰਲ ਬੈਕ ਆਫ਼ ਇੰਡੀਆ, ਆਪਣੇ ਭਤੀਜੇ (ਭਜਨਾ), ਜਿਨ੍ਹਾਂ ਨੇ ਇਸ ਕੰਮ ਲਈ ਸਾਰੇ ਕਾਗਜ਼-ਪੱਤਰ ਤਿਆਰ ਕਰਨ ਅਤੇ ਹੋਰ ਲੋੜੀਂਦੀਆਂ ਕਾਰਵਾਈਆਂ ਕਰਨ ਵਿਚ ਸਾਡੀ ਮਦਦ ਕਰਨ ਲਈ ਆਪਣਾ ਕੀਮਤੀ ਸਮਾਂ ਕੱਢਿਆ। ਮੈਂ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਉਨ੍ਹਾਂ ਨੂੰ ਚੰਗੀ ਸਿਹਤ ਅਤੇ ਖ਼ੁਸ਼ੀਆਂ-ਖੇੜੇ ਬਖ਼ਸ਼ੇ।


ਇਸ ਸਾਰੇ ਦਾ ਸਾਰਾਂਸ਼ ਇਹ ਹੈ ਕਿ ਪਰਮਾਤਮਾ ਮਹਾਨ ਹੈ। ਸਾਨੂੰ ਉਸਨੂੰ ਕਦੇ ਵਿਸਾਰਨਾ ਨਹੀਂ ਚਾਹੀਦਾ ਅਤੇ ਸਦਾ ਉਸਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਜਦੋਂ ਅਸੀਂ ਉਸਨੂੰ ਚੇਤੇ ਨਹੀਂ ਕਰਦੇ ਤਾਂ ਉਹ ਸਾਨੂੰ ਕਿਸੇ ਰੂਪ ਵਿਚ ਮੁਥਾਜ ਬਣਾ ਦੇਂਦਾ ਹੈ। ਉਹ ਸਾਨੂੰ ਮੁਥਾਜ ਇਸ ਕਰਕੇ ਬਣਾਉਂਦਾ ਹੈ ਤਾ ਕਿ ਅਸੀਂ ਸਜ਼ਾ ਭੋਗੀਏ ਤਾ ਕਿ ਅਸੀਂ ਆਪਣੇ ਮਾੜੇ ਕੰਮਾਂ ਲਈ ਪਛਤਾਵਾ ਕਰ ਸਕੀਏ ਅਤੇ ਮੁੜ ਕੇ ਅਜਿਹੇ ਕਰਮ ਨਾ ਦੁਹਰਾਈਏ।

No comments:

Post a Comment