ਮੈਨੂੰ ਬੜੀ ਪ੍ਰਸੰਨਤਾ ਹੋ ਰਹੀ ਹੈ ਅਤੇ ਮੈਂ ਸਰਵ-ਸ਼ਕਤੀਮਾਨ ਅਤੇ ਸਰਬ-ਵਿਆਪਕ ਪਰਮਾਤਮਾ ਦਾ ਧੰਨਵਾਦ ਕਰਦਾ ਹਾਂ ਕਿ ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੇਖ ਸਕਦਾ ਹਾਂ: ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਆਪਣੇ ਕੰਮਾਂ-ਕਾਜਾਂ ਲਈ ਜਾਂਦਿਆਂ, ਪੜ੍ਹਾਈ ਕਰਦਿਆਂ, ਲਿਖਦਿਆਂ-ਪੜ੍ਹਦਿਆਂ ਅਤੇ ਦੋਸਤ-ਮਿੱਤਰ ਬਣਾਉਂਦਿਆਂ। ਮੈਂ ਆਪਣੀ ਜ਼ਿੰਦਗੀ ਦੇ ਨਿੱਜੀ ਤਜਰਬੇ ਆਪਣੀ ਪਤਨੀ, ਆਪਣੇ ਬੱਚਿਆਂ, ਜਿਨ੍ਹਾਂ ਵਿਚ ਮੇਰੀ ਧਰਮ-ਬੇਟੀ (ਜੇਅਨ-ਮਰੀ ਗਾਰਲੈਂਡ) ਅਤੇ ਮੇਰਾ ਧਰਮ-ਪੁੱਤਰ (ਦਵਿੰਦਰ ਸਿੰਘ ਝਾਵਰ ਜੋ ਸਰਦਾਰ ਜਸਵੰਤ ਸਿੰਘ ਝਾਵਰ ਦਾ ਭਰਾ ਹੈ) ਸ਼ਾਮਲ ਹਨ, ਅਤੇ ਆਪਣੇ ਰਿਸ਼ਤੇਦਾਰਾਂ/ ਦੋਸਤਾਂ-ਮਿੱਤਰਾਂ ਨਾਲ ਸਾਂਝਿਆਂ ਕਰ ਸਕਦਾ ਹਾਂ।
ਮੈਂ ਇਹ ਕਹਿ ਸਕਦਾ ਹਾਂ ਕਿ ਜੇਕਰ ਅਸੀਂ ਕੋਈ ਕਾਰਜ ਪੂਰੀ ਤਰ੍ਹਾਂ ਸੋਚ-ਵਿਚਾਰ ਕਰਕੇ, ਪੂਰੇ ਵਿਸ਼ਵਾਸ ਨਾਲ ਕਰਦੇ ਹਾਂ, ਤਾਂ ਅਵੱਸ਼ ਹੀ ਅਸੀਂ ਉਸ ਨੂੰ ਨੇਪਰੇ ਚਾੜ੍ਹਨ ਵਿਚ ਸਫ਼ਲ ਹੋਵਾਂਗੇ ਅਤੇ ਆਪਣਾ ਜੀਵਨ ਸ਼ਾਂਤਮਈ ਢੰਗ ਨਾਲ ਅਤੇ ਸਫ਼ਲਤਾਪੂਰਵਕ ਮਾਣ ਸਕਾਂਗੇ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੀਆਂ ਮੁਸ਼ਕਲਾਂ ਦਾ ਹੱਲ ਆਪ ਹੀ ਢੂੰਡੀਏ। ਕਿਸੇ ਵੱਡੀ ਮੁਸ਼ਕਲ ਦੇ ਕੇਸ ਵਿਚ ਸਾਨੂੰ ਆਪਣੀ ਪਤਨੀ/ਆਪਣੇ ਪਤੀ, ਭਰਾਵਾਂ/ਭੈਣਾਂ, ਬੱਚਿਆਂ ਅਤੇ ਸੱਚੇ-ਪਰਖੇ ਮਿੱਤਰਾਂ ਦਾ ਮਸ਼ਵਰਾ ਲੈਣਾ ਚਾਹੀਦਾ ਹੈ। ਅੰਤ ਵਿਚ, ਸਾਨੂੰ ਅਜਿਹੇ ਵਿਅਕਤੀ ਪਾਸ ਜਾਣਾ ਚਾਹੀਦਾ ਹੈ ਜੋ ਉਸ ਸਬੰਧਤ ਵਿਸ਼ੇ ਜਿਸ ਸਬੰਧੀ ਤੁਹਾਨੂੰ ਮਾਰਗ-ਦਰਸ਼ਨ/ਮਸ਼ਵਰਾ ਲੋੜੀਂਦਾ ਹੋਵੇ, ਦਾ ਮਾਹਰ ਹੋਵੇ।
ਸਾਡਾ ਇਹ ਅਸੂਲ ਹੋਣਾ ਚਾਹੀਦਾ ਹੈ ਕਿ:
"ਮਿਹਨਤ ਨਾਲ ਕੰਮ ਕਰੋ, ਖੇਡ ਵਿਚ ਚੰਗੇ ਅਸੂਲਾਂ ਦਾ ਪਾਲਣ ਕਰੋ ਅਤੇ ਸਦਾ ਸੱਚ ਬੋਲੋ।"
ਮੈਨੂੰ ਆਪਣੀ ਜ਼ਿੰਦਗੀ ਵਿਚ ਸਮਾਜ ਵਿਚ ਵਿਚਰਦਿਆਂ ਗ਼ਰੀਬ ਤੋਂ ਗ਼ਰੀਬ ਅਤੇ ਅਮੀਰ ਤੋਂ ਅਮੀਰ ਵਿਅਕਤੀਆਂ ਨਾਲ ਵਰਤ-ਵਿਹਾਰ ਦਾ ਮੌਕਾ ਮਿਲਿਆ ਅਤੇ ਮੈਨੂੰ ਇਹ ਤਜ਼ਰਬਾ ਹੋਇਆ ਕਿ ਹਰ ਥਾਂ “ਇਹ ਹੱਥ ਦੇ ਅਤੇ ਇਕ ਹੱਥ ਲੈ” ਵਾਲੀ ਇਕ ਤੈਅ ਨੀਤੀ ਹੈ। ‘ਨਾਂਹ’ ਦੇ ਕੇ ਕੁਝ ਹਾਸਲ ਕਰਨ ਦੀ ਨੀਤੀ ਵਾਲੇ ਕੇਸਿਜ਼ ਦੀ ਗਿਣਤੀ ਬਹੁਤ ਹੀ ਨਾਯਾਬ (ਘੱਟ) ਹੈ।
ਸਾਨੂੰ ਚਾਹੀਦਾ ਹੈ ਕਿ ਅਸੀਂ ਮਿੱਠਾ ਬੋਲੀਏ ਪਰ ਇਹ ਮਿਠਾਸ ਸਾਡੇ ਦਿਲੋਂ ਉਪਜਨੀ ਚਾਹੀਦੀ ਹੈ; ਭਾਵ ਇਹ ਬਣਾਉਟੀ ਨਹੀਂ ਹੋਣੀ ਚਾਹੀਦੀ। ਬਣਾਉਟੀ ਮਿੱਠਾ ਬੋਲਣਾ ਖ਼ਤਰਨਾਕ ਹੁੰਦਾ ਹੈ। ਸਾਨੂੰ ਸਦਾ ਸੱਚ ਬੋਲਣਾ ਚਾਹੀਦਾ ਹੈ ਇਸ ਦੇ ਨਾਲ ਹੀ ਸਾਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ ਕਿ ਅੱਧਾ ਸੱਚ ਬੋਲਣਾ ਵੀ ਖ਼ਤਰਨਾਕ ਹੁੰਦਾ ਹੈ।
ਸਾਨੂੰ ਇਹ ਵੀ ਆਪਣੇ ਮਨ ਵਿਚ ਵਸਾਉਣਾ ਚਾਹੀਦਾ ਹੈ ਕਿ “ਪਿਆਰ ਅਤੇ ਝੂਠ ਦਾ ਸਫ਼ਰ ਇੱਕੋ ਨਹੀਂ ਹੋ ਸਕਦਾ”।
“ਪਿਆਰ ਇਕ ਅਜਿਹਾ ਦਰਖ਼ਤ ਹੈ ਜਿਸ ਦੀਆਂ ਜੜ੍ਹਾਂ ਧਰਤੀ ਵਿਚ ਬਹੁਤ ਡੂੰਘੀਆਂ ਹੁੰਦੀਆਂ ਹਨ ਅਤੇ ਉਸ ਦੀਆਂ ਟਹਿਣੀਆਂ ਉਪਰ ਸਵਰਗ ਵੱਲ ਨੂੰ”।
ਸਾਨੂੰ ਆਪਣੀ ਇਹ ਆਦਤ ਬਣਾਉਣੀ ਚਾਹੀਦੀ ਹੈ ਕਿ ਅਸੀਂ ਨੇਤਰਹੀਣਾਂ, ਅਪਾਹਜ ਵਿਅਕਤੀਆਂ ਅਤੇ ਗ਼ਰੀਬ, ਲੋੜਵੰਦ ਵਿਅਕਤੀਆਂ ਦੀ ਮਦਦ ਕਰੀਏ।
ਸਾਨੂੰ ਸਦਾ ਅਤੇ ਹਰ ਪਲ ਪਰਮਾਤਮਾ ਤੇ ਆਪਣਾ ਵਿਸ਼ਵਾਸ ਬਣਾਈ ਰੱਖਣਾ ਚਾਹੀਦਾ ਹੈ ਅਤੇ ਸਦਾ ਆਪਣੇ ਮਾਤਾ ਅਤੇ ਪਿਤਾ ਦੀ ਆਗਿਆ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਛੋਟਿਆਂ ਨੂੰ ਪਿਆਰ ਕਰਨਾ ਚਾਹੀਦਾ ਹੈ।
ਮੈਂ ਸਦਾ ਆਪਣੇ ਪੂਰਵਜਾਂ, ਸੰਤਾਂ ਅਤੇ ਆਪਣੇ ਮਾਤਾ-ਪਿਤਾ ਦੀਆਂ ਚੰਗੀਆਂ ਸਲਾਹਾਂ, ਸਿਖਿਆਵਾਂ ਅਤੇ ਚੰਗੇ ਵਿਚਾਰਾਂ ਨੂੰ ਗ੍ਰਹਿਣ ਕਰਨ ਅਤੇ ਉਨ੍ਹਾਂ ਤੇ ਅਮਲ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹਾਂ, ਪਰ ਮੈਂ ਆਪਣੇ ਜੀਵਨ ਵਿਚ ਬਹੁਤ ਘਟ ਸਿਖ ਸਕਿਆ।
ਮੈਂ ਕਦੀ ਇਹ ਨਹੀਂ ਸੀ ਸੋਚਿਆ ਕਿ ਇਕ ਦਿਨ ਮੈਨੂੰ ਪੰਜਾਬ ਲੈਜਿਸਲੇਟਿਵ ਅਸੈਂਬਲੀ, ਚੰਡੀਗੜ੍ਹ, ਵਿਚ ਜਾਇੰਟ ਸੈਕਟਰੀ ਜਿਹਾ ਵੱਡਾ ਅਹੁਦਾ ਮਿਲੇਗਾ ਅਤੇ ਫਿਰ ਕਿਸੇ ਦਿਨ ਮੈਨੂੰ ਅਮਰੀਕਾ ਦੀ ਨਾਗਰਿਕਤਾ ਮਿਲੇਗੀ।
ਮੇਰੇ ਵਿਚਾਰ ਅਨੁਸਾਰ ਨਿਮਨਲਿਖਤ ਕੁਝ ਚੰਗੀਆਂ ਗੱਲਾਂ ਹਨ ਜਿਨ੍ਹਾਂ ਦੀ ਸਾਨੂੰ ਪਾਲਣਾ ਕਰਨੀ ਚਾਹੀਦੀ ਹੈ:
1. ਕਿਸੇ ਆਦਮੀ ਨਾਲ ਖ਼ੁਸ਼ ਰਹਿਣ ਲਈ, ਤੁਹਾਨੂੰ ਚਾਹੀਦਾ ਹੈ ਕਿ ਉਸ ਨੂੰ ਚੰਗੀ ਤਰ੍ਹਾਂ ਸਮਝੋ ਅਤੇ ਕੁਝ ਸਨੇਹ ਕਰੋ।
2. ਕਿਸੇ ਔਰਤ ਨਾਲ ਖ਼ੁਸ਼ ਰਹਿਣ ਲਈ, ਤੁਹਾਡੇ ਲਈ ਇਹ ਜ਼ਰੂਰੀ ਹੋਵੇਗਾ ਕਿ ਉਸਨੂੰ ਰੱਜਵਾਂ ਪਿਆਰ ਕਰੋ ਅਤੇ ਸਮਝਣ ਦੀ ਕੋਸ਼ਿਸ਼ ਉੱਕਾ ਨਾ ਕਰੋ!
3. ਇਕ ਔਰਤ ਇਕ ਮਰਦ ਨਾਲ ਵਿਆਹ ਕਰਾਉਂਦੀ ਹੈ ਇਹ ਸੋਚਦਿਆਂ ਕਿ ਉਹ ਬਦਲ ਜਾਵੇਗਾ, ਪਰ ਉਹ ਬਦਲਦਾ ਨਹੀਂ।
4. ਇਕ ਮਰਦ ਇਕ ਔਰਤ ਨਾਲ ਵਿਆਹ ਕਰਾਉਂਦਾ ਹੈ ਇਹ ਸੋਚਦਿਆਂ ਕਿ ਉਹ ਨਹੀਂ ਬਦਲੇਗੀ, ਅਤੇ ਉਹ ਬਦਲ ਜਾਂਦੀ ਹੈ!
ਕੋਈ ਵਿਸ਼ੇਸ਼ ਅਤੇ ਬੜਾ ਮਹੱਤਵਪੂਰਣ ਅਵਸਰ ਮਨਾਉਣ ਸਮੇਂ ਸਾਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਉਨ੍ਹਾਂ ਦੀ ਸਮਰੱਥਾ ਦੇ ਮੁਤਾਬਕ ਵਧੀਆ ਤੋਂ ਵਧੀਆ ਵਿਦਿਆ ਦਾ ਪ੍ਰਬੰਧ ਕਰਾਂਗੇ ਤਾ ਕਿ ਉਹ ਹੋਰਾਂ ਨਾਲ ਮੁਕਾਬਲਾ ਕਰ ਸਕਣ, ਅਤੇ ਉਨ੍ਹਾਂ ਨੂੰ ਚੰਗੇਰੇ ਅਹੁਦਿਆਂ ਤੇ ਲਗਵਾਵਾਂਗੇ ਤਾ ਕਿ ਉਹ ਉੱਨਤੀ ਕਰਕੇ ਆਪਣੇ ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਲਈ ਹੋਰ ਫ਼ਖਰ ਦਾ ਸੋਮਾ ਬਣ ਸਕਣ।
ਮੇਰੀ ਜ਼ਾਤੀ ਰਾਏ ਅਨੁਸਾਰ ਹੇਠ ਲਿਖੇ ਨੁਕਤੇ ਸਾਨੂੰ ਅਵੱਸ਼ ਵਿਚਾਰਨੇ ਚਾਹੀਦੇ ਹਨ ਅਤੇ ਫਿਰ ਸਾਨੂੰ ਇਸ ਗੱਲ ਦਾ ਨਿਰਣਾ ਲੈਣਾ ਚਾਹੀਦਾ ਹੈ ਕਿ ਸਾਨੂੰ ਜੀਵਨ ਵਿਚ ਕੀ ਕਰਨਾ ਚਾਹੀਦਾ ਹੈ:-
1. ਸਾਨੂੰ ਆਪਣੇ ਪ੍ਰਤੀ, ਆਪਣੀ ਪਤਨੀ/ਪਤੀ, ਆਪਣੇ ਟੀਚਰਾਂ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ/ਰਿਸ਼ਤੇਦਾਰਾਂ/ਦੋਸਤਾਂ-ਮਿੱਤਰਾਂ ਅਤੇ ਸ਼ੁਭਚਿੰਤਕਾਂ ਪ੍ਰਤੀ ਵਫ਼ਾਦਾਰ ਹੋਣਾ ਚਾਹੀਦਾ ਹੈ।
2. ਸਾਨੂੰ ਆਪਣੇ ਦੇਸ਼ ਪ੍ਰਤੀ ਵਫ਼ਾਦਾਰ ਹੋਣਾ ਚਾਹੀਦਾ ਹੈ।
3. ਸਾਨੂੰ ਆਪਣੇ ਸਰਵ-ਵਿਆਪਕ ਪਰਮਾਤਮਾ ਪ੍ਰਤੀ ਵਫ਼ਾਦਾਰ ਹੋਣਾ ਚਾਹੀਦਾ ਹੈ।
4. ਸਾਨੂੰ ਬੇਗਾਨਿਆਂ ਪ੍ਰਤੀ ਵਧੇਰੇ ਵਫ਼ਾਦਾਰ ਹੋਣਾ ਚਾਹੀਦਾ ਹੈ ਕਿਉਂਕਿ ਕਹਿੰਦੇ ਹਨ ਕਿ ਪਰਮਾਤਮਾ ਵੀ ਬੇਗਾਨਿਆਂ ਦੀ ਤਰਫ਼ ਹੁੰਦਾ ਹੈ।
No comments:
Post a Comment