Sunday, February 27, 2011

ਧਰਤੀ ਦੇ ਉਪਰ ਅਤੇ ਹੇਠਾਂ ਵਸਦੇ ਜੀਅ ਪਰਮਾਤਮਾ ਦੀ ਇਕੋ ਛੱਤ ਹੇਠਾਂ ਪਲ ਰਹੇ ਹਨ

ਪਰਮਾਤਮਾ ਦੁਆਰਾ ਸਿਰਜੇ ਸਾਰੇ ਮਨੁੱਖ, ਸਾਰੇ ਜੀਵ-ਜੰਤੂ, ਪੰਛੀ, ਬ੍ਰਿਖ ਆਦਿ, ਸਭ ਇਕੋ-ਇਕ ਪਰਮਾਤਮਾ ਦੀ ਛਤ ਹੇਠ ਵਸ ਰਹੇ ਹਨ। ਸੰਸਾਰ ਵਿਚ ਹਰੇਕ ਪਿੰਡ, ਬਲਾਕ, ਤਹਿਸੀਲ, ਸ਼ਹਿਰ, ਜ਼ਿਲ੍ਹੇ, ਪ੍ਰਦੇਸ਼ ਅਤੇ ਮੁਲਕ ਆਪੋ-ਆਪਣੇ ਨਿਯਮਾਂ, ਕਾਰਜ-ਪ੍ਰਣਾਲੀਆਂ ਅਤੇ ਕਾਨੂੰਨ ਮੁਤਾਬਕ ਆਪਣਾ ਪ੍ਰਸ਼ਾਸਨ ਚਲਾ ਰਹੇ ਹਨ। ਇਸੇ ਤਰ੍ਹਾਂ, ਲੋਕੀ ਵੀ ਆਪਣੇ ਮੁਲਕਾਂ ਦੇ ਨਿਯਮਾਂ ਅਤੇ ਸਮਾਜਕ ਪ੍ਰਣਾਲੀਆਂ ਅਧੀਨ ਆਪਣਾ ਜੀਵਨ ਵਿਹਾਰ ਕਰ ਰਹੇ ਹਨ। ਇਹ ਸਮਾਜਕ ਪ੍ਰਣਾਲੀਆਂ ਅਤੇ ਕਾਨੂੰਨ ਸਾਰੇ ਸੰਸਾਰ ਦੇ ਮੁਲਕਾਂ ਵਿਚ ਤਕਰੀਬਨ ਇੱਕੋ ਜਿਹੇ ਹਨ ਪਰ ਉਨ੍ਹਾਂ ਵਿਚ ਕਾਨੂੰਨਾਂ ਨੂੰ ਲਾਗੂ ਕਰਨ ਦਾ ਢੰਗ ਅੱਡ-ਅੱਡ ਹੈ। ਜਿਸ ਮੁਲਕ ਵਿਚ ਉਥੋਂ ਦੇ ਕਾਨੂੰਨ ਅਤੇ ਸਮਾਜਕ ਪ੍ਰਣਾਲੀ ਇੰਨ-ਬਿੰਨ ਅਤੇ ਸਹੀ ਢੰਗ ਨਾਲ ਲਾਗੂ ਕੀਤੀ ਜਾਂਦੀ ਹੈ, ਉਹ ਮੁਲਕ ਨਿਸ਼ਚਿਤ ਹੀ ਤਰੱਕੀ ਕਰਦਾ ਹੈ ਅਤੇ ਉਸ ਵਿਚ ਸ਼ਾਂਤੀ ਅਤੇ ਖ਼ੁਸ਼ਹਾਲੀ ਦਾ ਵਾਸ ਹੁੰਦਾ ਹੈ।


ਉਪਰੋਕਤ ਸਥਿਤੀ/ ਹਾਲਾਤ ਦੇ ਮੱਦੇ-ਨਜ਼ਰ ਲੋਕੀ ਜਿੱਥੇ ਵੀ ਰਹਿ ਰਹੇ ਹੋਣ ਆਪਣਾ ਜੀਵਨ ਸ਼ਾਂਤਮਈ ਅਤੇ ਪ੍ਰਸੰਤਾਪੂਰਵਕ ਬਤੀਤ ਕਰ ਸਕਦੇ ਹਨ, ਭਾਵੇਂ ਉਹ ਸੰਸਾਰ ਦੇ ਕਿਸੇ ਵੀ ਮੁਲਕ ਦੇ ਕਿਉਂ ਨਾ ਹੋਣ ਪਰ ਸ਼ਰਤ ਇਹ ਹੈ ਕਿ ਉਹ ਸਦਾ ਇਮਾਨਦਾਰੀ, ਵਿਸ਼ਵਾਸ, ਮਿਹਨਤਕਸ਼ ਅਤੇ ਪਰਮਾਤਮਾ ਦੇ ਖ਼ੌਫ਼ ਵਾਲੇ ਹੋਣ।


ਜੇਕਰ ਅਸੀਂ ਆਪਣੇ ਆਮ ਕੰਮਾਂ-ਕਾਰਜਾਂ ਵਿਚ ਚੰਗੀ/ਪਾਜ਼ਿਟਿਵ ਸੋਚ, ਅਤੇ ਆਪਣੇ ਅੰਦਰ ਹੋਰਨਾਂ ਦੀ ਮਦਦ ਕਰਨ ਹਿੱਤ ਸਹਿਯੋਗ ਵਾਲੀ ਬਿਰਤੀ ਅਤੇ ਧਾਰਣਾ ਅਪਣਾਈਏ, ਤਾਂ ਸਾਨੂੰ ਕਿਸੇ ਨਾਲ ਵੀ ਆਪਣੀਆਂ ਖ਼ੁਸ਼ੀਆਂ ਅਤੇ ਦਰਪੇਸ਼ ਕੋਈ ਔਕੜਾਂ ਸਾਂਝੀਆਂ ਕਰਨ ਵਿਚ ਕੋਈ ਝਿਜਕ ਨਹੀਂ ਹੋਵੇਗੀ ਭਾਵੇਂ ਉਹ ਵਿਅਕਤੀ ਅਜਨਬੀ ਹੀ ਕਿਉਂ ਨਾ ਹੋਵੇ। ਸਾਨੂੰ ਇਹ ਗੱਲ ਆਪਣੀ ਸੋਚ ਵਿਚ ਚੰਗੀ ਤਰ੍ਹਾਂ ਸਮਾਉਣੀ ਹੋਵੇਗੀ ਕਿ ਹਰ ਕਿਸੇ ਨੂੰ ਖ਼ੁਸ਼ੀ ਪ੍ਰਦਾਨ ਕੀਤੀ ਜਾ ਸਕਦੀ ਹੈ।

No comments:

Post a Comment