Thursday, March 3, 2011

ਮੇਰੀ ਅਤੇ ਮੇਰੀ ਧਰਮ-ਪਤਨੀ ਦੀ ਪਹਿਲੀ ਅਮਰੀਕਾ ਫੇਰੀ (1985)

ਪਰਮਾਤਮਾ ਨੇ ਸਾਨੂੰ ਜੀਵਨ ਦੇ ਸਾਰੇ ਸੁਖ ਅਤੇ ਸਹੂਲਤਾਂ ਬਖ਼ਸ਼ੀਆਂ ਹਨ ਅਤੇ ਅਜੇ ਵੀ ਉਸ ਦੀਆਂ ਬਖ਼ਸ਼ਿਸ਼ਾਂ ਦੀ ਮਿਹਰ ਜਾਰੀ ਹੈ। ਜਿਥੋਂ ਤਕ ਮੈਨੂੰ ਯਾਦ ਹੈ, ਸਾਨੂੰ ਸਾਡੇ ਜੀਵਨ ਵਿਚ ਕੋਈ ਤਕਲੀਫ਼ਾਂ (ਕੋਈ ਔਕੜਾਂ) ਦਰਪੇਸ਼ ਨਹੀਂ ਆਈਆਂ। ਜੇਕਰ ਪਰਮਾਤਮਾ ਨੇ ਕਦੇ ਕਿਸੇ ਸਮੇਂ ਸਾਨੂੰ ਕੋਈ ਤਕਲੀਫ਼ ਪੇਸ਼ ਆਉਣ ਵੀ ਦਿੱਤੀ, ਤਾਂ ਉਸ ਦੇ ਨਾਲ ਹੀ ਉਸ ਦਾ ਸਾਹਮਣਾ ਕਰਨ ਅਤੇ ਸੁਲਝਾਉਣ ਲਈ ਸਾਨੂੰ ਹਿੰਮਤ ਅਤੇ ਆਪਣੀ ਰਹਿਮਤ ਵੀ ਬਖ਼ਸ਼ੀ। ਮੈਨੂੰ ਯਕੀਨ ਹੈ ਅਤੇ ਇਹ ਨਿਸ਼ਚਾ ਹੈ ਕਿ ਪਰਮਾਤਮਾ ਸਾਨੂੰ ਸਾਰਿਆਂ ਨੂੰ ਸਾਡੀ ਭਲਾਈ, ਖ਼ੁਸ਼ਹਾਲੀ ਅਤੇ ਤਰੱਕੀ ਲਈ ਸਦਾ ਸਾਡੀਆਂ ਝੋਲੀਆਂ ਭਰਦਾ ਰਹਿੰਦਾ ਹੈ।


ਸੰਨ 1979 ਵਿਚ ਮੇਰੇ ਪੁੱਤਰ ਦੇ ਵਿਆਹ ਤੋਂ ਬਾਅਦ ਉਹ ਅਮਰੀਕਾ ਚਲੇ ਗਏ ਅਤੇ ਉਥੇ ਜਾ ਕੇ ਵਸ ਗਏ ਅਤੇ ਉਹ ਸਾਰੇ ਜੀਅ ਖ਼ੁਸ਼ੀ-ਖ਼ੁਸ਼ੀ ਆਪਣਾ ਜੀਵਨ ਬਤੀਤ ਕਰ ਰਹੇ ਹਨ। ਅਤੇ ਅਸੀਂ ਵੀ, ਇੰਡੀਆ ਆਪਣਾ ਜੀਵਨ ਆਨੰਦਪੂਰਵਕ ਬਤੀਤ ਕਰ ਰਹੇ ਸਾਂ।


ਸੰਨ 1985 ਇਕ ਬੜਾ ਇਤਿਹਾਸਕ ਸਮਾਂ ਸਾਬਤ ਹੋਇਆ ਜਦੋਂ ਮੈਂ ਤੇ ਮੇਰੀ ਧਰਮ-ਪਤਨੀ ਪਹਿਲੀ ਵਾਰ ਅਮਰੀਕਾ ਫੇਰੀ ਤੇ ਗਏ। ਉਸ ਤੋਂ ਪਹਿਲਾਂ ਮੈਂ ਕਦੇ ਨਹੀਂ ਸੀ ਸੋਚਿਆ ਕਿ ਇਕ ਦਿਨ ਅਸੀਂ ਅਮਰੀਕਾ ਜਾਵਾਂਗੇ। ਉਸ ਸਮੇਂ ਅਸੀਂ ਨੌਰ ਵਾਕ (ਲੌਸ ਏਂਜਲਸ) ਦੇ ਏਰੀਏ ਵਿਚ ਰਹਿੰਦੇ ਸੀ। ਅਸੀਂ ਉਸ ਫੇਰੀ ਦਾ ਬੜਾ ਆਨੰਦ ਮਾਣਿਆ ਅਤੇ ਉਸ ਦੌਰਾਨ ਕੈਲੀਫ਼ੋਰਨੀਆ ਸਟੇਟ ਦੇ ਬਹੁਤ ਸਾਰੇ ਮਹੱਤਵਪੂਰਣ ਸਥਾਨਾਂ ਤੇ ਗਏ। ਉਸ ਅਰਸੇ ਦੇ ਦੌਰਾਨ ਸਾਡੀ ਨੂੰਹ ਅਤੇ ਪੁੱਤਰ ਨੇ ਇਕ ਵੀਡੀਓ ਸਟੋਰ ਖੋਲ੍ਹਿਆ, ਜੋ ਕਿ ਇਕ ਵੱਡਾ ਸਟੋਰ ਸੀ।


ਉਸ ਅਰਸੇ ਦੇ ਦੌਰਾਨ ਇਕ ਹੋਰ ਸਭ ਤੋਂ ਮਹੱਤਵਪੂਰਣ ਗੱਲ ਜੋ ਹੋਈ ਉਹ ਸੀ ਪਿਟਸਬਰਗ (ਕੈਲੀਫ਼ੋਰਨੀਆ) ਵਿਖੇ ਗੁਰੂ ਰਵੀਦਾਸ ਟੈਂਪਲ ਦਾ ਉਦਘਾਟਨ ਸਮਾਰੋਹ। ਮੈਂ ਆਪਣੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨਾਲ ਇਸ ਸਮਾਰੋਹ ਵਿਚ ਸ਼ਿਰਕਤ ਕੀਤੀ (ਜੂਨ 2, 1985) ਜੋ ਕਿ ਸਾਡੇ ਲਈ ਬਹੁਤ ਰੁਮਾਂਚਕ ਘਟਨਾ ਸੀ।


ਅਸੀਂ ਆਪਣੀ ਇਸ ਫੇਰੀ ਦੇ ਦੌਰਾਨ ਇਥੇ (ਅਮਰੀਕਾ ਵਿਚ) ਕੁਝ ਮਹੀਨੇ ਰਹੇ ਅਤੇ ਉਸ ਮਗਰੋਂ ਇੰਡੀਆ ਪਰਤ ਆਏ। ਇਹ ਸਾਡੇ ਜੀਵਨ ਦਾ ਬੜਾ ਮਹੱਤਵਪੂਰਣ ਸਮਾਂ ਸੀ। ਅਸੀਂ ਆਪਣੇ ਜੀਵਨ ਵਿਚ ਬੜੀ ਵੱਡੀ ਤਬਦੀਲੀ ਅਨੁਭਵ ਕੀਤੀ ਅਤੇ ਇਸ ਫੇਰੀ ਨੇ ਤਾਂ ਜਿਵੇਂ ਮੇਰੇ ਅੰਦਰ ਗਿਆਨ ਦਾ ਇਕ ਤੀਜਾ ਨੇਤਰ ਹੀ ਖੋਲ੍ਹ ਦਿੱਤਾ ਹੋਵੇ। ਉਸ ਸਮੇਂ ਤੋਂ ਲੈ ਕੇ ਹੁਣ ਤਕ ਸਾਡੇ ਪਰਿਵਾਰ ਨੇ ਵੱਧ ਤੋਂ ਵੱਧ ਤਰੱਕੀ ਕੀਤੀ। ਇਥੇ ਮੈਂ ਆਪਣੇ ਮਨ ਅੰਦਰ ਉਭਰਦੀਆਂ ਕੁਝ ਸਤਰਾਂ ਵਿਅਕਤ ਕਰਨਾ ਚਾਹਾਂਗਾ :-


ਨੀ ਮੈਂ ਹੋ ਗਈ ਹਾਂ ਹੋਰ ਦੀ ਹੋਰ, ਨੀ ਮੈਨੂੰ ਕੌਣ ਪਛਾਣੇ।
ਹੰਸਾਂ ਦੇ ਸੰਗ ਰਹਿ-ਰਹਿ ਕੇ ਮੈਂ ਭੁੱਲ ਗਈ ਹਾਂ ਕਾਗਾਂ ਦੀ ਟੋਰ,
ਨੀ ਮੈਨੂੰ ਕੌਣ ਪਛਾਣੇ।
ਨੀ ਮੈਂ ਹੋ ਗਈ ਹਾਂ ਹੋਰ ਦੀ ਹੋਰ, ਨੀ ਮੈਨੂੰ ਕੌਣ ਪਛਾਣੇ।


ਉਸ ਫੇਰੀ ਦੇ ਦੌਰਾਨ ਮੈਂ, ਆਪਣੀ ਧਰਮ-ਪਤਨੀ ਦੇ ਨਾਲ, ਇੰਗਲੈਂਡ ਅਤੇ ਕੈਨੇਡਾ ਵੀ ਗਿਆ ਅਤੇ ਮੇਰੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਹਰ ਥਾਂ ਤੇ ਸਾਨੂੰ ਬੜਾ ਆਦਰ-ਮਾਣ ਦਿੱਤਾ ਅਤੇ ਭਰਪੂਰ ਸੁਆਗਤ ਕੀਤਾ। ਉਨ੍ਹਾਂ ਨੇ ਸਾਨੂੰ ਇਨ੍ਹਾਂ ਦੇਸ਼ਾਂ ਵਿਚਲੀਆਂ ਕਈ ਮਹੱਤਵਪੂਰਣ ਥਾਵਾਂ ਵੀ ਵਿਖਾਲੀਆਂ।

No comments:

Post a Comment