Thursday, March 3, 2011

ਮੇਰੇ ਜੀਵਨ ਦੀਆਂ ਕੁਝ ਮਹੱਤਵਪੂਰਣ ਘਟਨਾਵਾਂ

ਮੈਂ ਪਿਛਲੇ ਪੈਰਿਆਂ ਵਿਚ ਪਹਿਲਾਂ ਹੀ ਦਸ ਚੁਕਿਆਂ ਹਾਂ ਕਿ ਅਸੀਂ ਛੇ ਭਰਾ ਅਤੇ ਤਿੰਨ ਭੈਣਾਂ ਸਾਂ। ਹੁਣ ਅਸੀਂ ਸਿਰਫ਼ ਦੋ ਹਾਂ: ਮੈਂ ਅਤੇ ਮੇਰੀ ਭੈਣ। ਮੈਂ ਆਪਣੇ ਪਰਿਵਾਰ ਵਿਚ ਸਭ ਤੋਂ ਛੋਟਾ ਸਾਂ ਅਤੇ ਮੇਰੀ ਭੈਣ ਮੇਰੇ ਤੋਂ ਵੱਡੀ।

ਜਦੋਂ ਮੈਂ ਛੋਟਾ ਸਾਂ ਤਾਂ ਮਾਨਯੋਗ ਸੰਤ ਸੁੰਦਰ ਦਾਸ ਜੀ ਸਾਡੇ ਪਿੰਡ ਆਇਆ ਕਰਦੇ ਸਨ ਅਤੇ ਆਮ ਤੌਰ ਤੇ ਸਾਡੇ ਪਰਿਵਾਰ ਨਾਲ ਹੀ ਠਹਿਰਿਆ ਕਰਦੇ ਸਨ। ਜਦੋਂ ਮੈਂ ਆਪਣੇ ਦੋਸਤਾਂ-ਮਿੱਤਰਾਂ ਨਾਲ ਖੇਡ ਕੇ ਹਟਦਾ, ਤਾਂ ਜ਼ਿਆਦਾ ਸਮਾਂ ਉਨ੍ਹਾਂ ਨਾਲ ਹੀ ਰਹਿੰਦਾ ਸਾਂ। ਸੰਤ ਸੁੰਦਰ ਦਾਸ ਜੀ ਦੀ (ਇਕ ਕਮਰੇ ਦੀ) ਕੁਟੀਆ ਪਿੰਡ ਨੈਣੋਵਾਲ-ਧੁੱਗੇ, ਤਹਿਸੀਲ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੈ। ਸੰਤ ਜੀ ਮੈਨੂੰ ਆਪਣੀ ਕੁਟੀਆ ਲੈ ਗਏ ਅਤੇ ਮੈਨੂੰ ਯਾਦ ਨਹੀਂ ਕਿ ਮੈਂ ਕਿੰਨਾ ਚਿਰ ਉਥੇ ਹੀ ਰਿਹਾ।

ਕੁਝ ਸਮਾਂ ਪਾ ਕੇ ਮੇਰੇ ਮਾਤਾ ਜੀ ਨੇ ਮੇਰੇ ਪਿਤਾ ਜੀ ਨੂੰ ਮੈਨੂੰ ਉਥੇ ਮਿਲਣ ਅਤੇ ਵਾਪਸ ਲੈ ਆਉਣ ਲਈ ਭੇਜਿਆ। ਮੇਰੇ ਪਿਤਾ ਜੀ ਆਏ ਪਰ ਸੰਤ ਜੀ ਨੇ ਮੇਰੇ ਪਿਤਾ ਜੀ ਨੂੰ ਕਿਹਾ ਕਿ ਉਹ ਮੈਨੂੰ ਆਪਣੇ ਨਾਲ ਲੈ ਕੇ ਆਉਣਗੇ। ਸੰਤ ਜੀ ਕੁਝ ਸਮੇਂ ਲਈ ਉਥੇ ਨਹੀਂ ਗਏ। ਮੇਰੇ ਮਾਤਾ ਜੀ ਨੇ ਫਿਰ ਦੁਬਾਰਾ ਮੇਰੇ ਪਿਤਾ ਜੀ ਨੂੰ ਮੈਨੂੰ ਵਾਪਸ ਲਿਆਉਣ ਲਈ ਭੇਜਿਆ ਪਰ ਸੰਤ ਜੀ ਦਾ ਉਹੀ ਜਵਾਬ ਸੀ।

ਜਦੋਂ ਮੈਂ ਸੰਤ ਜੀ ਨਾਲ ਆਪਣੇ ਘਰ ਵਾਪਸ ਆਇਆ ਤਾਂ ਉਸ ਤੋਂ ਬਾਅਦ ਮੇਰੇ ਮਾਤਾ ਜੀ ਨੇ ਮੈਨੂੰ ਫਿਰ ਉਥੇ ਜਾਣ ਦੀ ਆਗਿਆ ਨਾ ਦਿੱਤੀ। ਉਹ ਮੈਨੂੰ ਬਹੁਤ ਸਨੇਹ ਕਰਦੇ ਸਨ ਅਤੇ ਚਾਹੁੰਦੇ ਸਨ ਕਿ ਮੈਂ ਉਨ੍ਹਾਂ ਪਾਸ ਹੀ ਰਹਾਂ।

ਜਦੋਂ ਸੰਤ ਜੀ ਨੇ ਫਿਰ ਮੇਰੇ ਪਿਤਾ ਜੀ ਨੂੰ ਕਿਹਾ ਕਿ ਉਹ ਮੈਨੂੰ ਆਪਣੇ ਨਾਲ ਲਿਜਾਣਾ ਚਾਹੁੰਦੇ ਹਨ, ਤਾਂ ਮੇਰੇ ਮਾਤਾ ਜੀ ਇਸ ਗੱਲ ਲਈ ਰਜ਼ਾਮੰਦ ਨਾ ਹੋਏ। ਇਸ ਮਾਮਲੇ ਤੇ ਪੰਜ-ਛੇ ਦਿਨ ਬਹਿਸ ਹੁੰਦੀ ਰਹੀ। ਅੰਤ ਵਿਚ ਮੈਂ ਆਪਣੇ ਪਰਿਵਾਰ ਨਾਲ ਹੀ ਰਹਿਣ ਦਾ ਫ਼ੈਸਲਾ ਕੀਤਾ। ਸੰਤ ਜੀ ਇਸ ਫ਼ੈਸਲੇ ਕਾਰਣ ਕੁਝ ਮਾਯੂਸ ਹੋਏ ਕਿਉਂਕਿ ਸੰਤ ਜੀ ਮੈਨੂੰ ਆਪਣਾ ਚੇਲਾ ਬਣਾਉਣਾ ਚਾਹੁੰਦੇ ਸਨ।

ਸਮਾਂ ਬੀਤੀ ਜਾ ਰਿਹਾ ਸੀ ਅਤੇ ਮੈਂ ਕੁਝ ਵੀ ਨਹੀਂ ਸੀ ਕਰ ਰਿਹਾ। ਇਕ ਵਾਰ ਮੇਰਾ ਇਕ ਕਜ਼ਿਨ, ਮਿਸਟਰ ਭਾਗ ਰਾਮ ਜੋ ਹੁਸ਼ਿਆਰਪੁਰ ਦੇ ਪਿੰਡ ਚਲੁੱਪਰ (ਰਾਪੁਰ-ਚਲੁੱਪਰ) ਦਾ ਹੈ, ਹੁਸ਼ਿਆਰਪੁਰ ਵਿਖੇ ਆਪਣੀ ਅੱਗੇ ਦੀ ਪੜ੍ਹਾਈ ਦੇ ਸਬੰਧ ਵਿਚ ਸਾਡੇ ਘਰ ਆਇਆ ਕਿਉਂਕਿ ਉਸ ਦੇ ਪਿੰਡ ਵਿਚ ਕੋਈ ਹਾਈ ਸਕੂਲ ਨਹੀਂ ਸੀ। ਉਂਜ, ਉਹ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ ਅਤੇ ਉਸਨੂੰ ਵਜ਼ੀਫ਼ਾ ਵੀ ਲਗਿਆ ਹੋਇਆ ਸੀ।

ਇਕ ਦਿਨ ਉਸਨੇ ਮੇਰੇ ਮਾਤਾ-ਪਿਤਾ ਨੂੰ ਕਿਹਾ ਕਿ ਮੈਨੂੰ ਸਕੂਲ ਭੇਜਣਾ ਚਾਹੀਦਾ ਹੈ ਅਤੇ ਉਹ ਪੜ੍ਹਾਈ ਵਿਚ ਮੇਰੀ ਮਦਦ ਕਰੇਗਾ। ਮੇਰੀ ਉਮਰ ਦੇ ਕਾਰਣ ਦਾਖ਼ਲਾ ਮਿਲਣਾ ਬੜਾ ਮੁਸ਼ਕਲ ਸੀ। ਪਰ ਜਿਵੇਂ ਮੈਂ ਕਿਹਾ ਹੈ ਮਿਸਟਰ ਭਾਗ ਰਾਮ ਬੜਾ ਹੋਣਹਾਰ ਵਿਦਿਆਰਥੀ ਸੀ ਅਤੇ ਸਕਾਲਰਸ਼ਿਪ ਹੋਲਡਰ ਸੀ। ਉਹ ਮੇਰੇ ਨਾਲ ਸਰਕਾਰੀ ਪ੍ਰਾਈਮਰੀ ਸਕੂਲ, ਬਜਵਾੜਾ (ਹੁਸ਼ਿਆਰਪੁਰ) ਗਿਆ। ਉਸਨੇ ਟੀਚਰ ਨੂੰ ਵਾਦਾ ਕੀਤਾ ਕਿ ਉਹ ਮੈਨੂੰ ਇਕ ਸਾਲ ਵਿਚ ਦੋ ਕਲਾਸਾਂ ਪਾਸ ਕਰਨ ਲਈ ਤਿਆਰੀ ਕਰਵਾਏਗਾ। ਟੀਚਰ ਮੰਨ ਗਿਆ ਅਤੇ ਮੈਨੂੰ ਉਸ ਸਕੂਲ ਵਿਚ ਦਾਖ਼ਲਾ ਮਿਲ ਗਿਆ। ਮਿਸਟਰ ਭਾਗ ਰਾਮ ਨੇ ਮੇਰੀ ਬਹੁਤ ਮਦਦ ਕੀਤੀ ਅਤੇ ਉਸਦੀ ਮਦਦ/ਅਗਵਾਈ ਕਾਰਣ ਮੈਂ ਇਕ ਸਾਲ ਵਿਚ ਪਹਿਲੀ ਅਤੇ ਦੂਜੀ ਜਮਾਤ ਪਾਸ ਕਰ ਲਈ। ਮੈਂ ਦੁਬਾਰਾ ਮਿਹਨਤ ਕੀਤੀ ਅਤੇ ਅਗਲੇ ਸਾਲ ਤੀਜੀ ਅਤੇ ਚੌਥੀ ਜਮਾਤ ਪਾਸ ਕਰ ਲਈ। ਇਸ ਤਰ੍ਹਾਂ, ਮੈਂ ਦੋ ਸਾਲਾਂ ਵਿਚ ਚਾਰ ਜਮਾਤਾਂ ਪਾਸ ਕਰ ਲਈਆਂ। ਭਾਵੇਂ ਆਪਣੇ ਆਰਥਕ ਹਾਲਾਤ ਕਾਰਣ ਮੇਰੇ ਮਾਤਾ-ਪਿਤਾ ਮੇਰੀ ਅੱਗੇ ਦੀ ਪੜ੍ਹਾਈ ਲਈ ਜਕੋਤਕੀ ਵਿਚ ਸਨ, ਪਰ ਅੰਤ ਵਿਚ, ਉਨ੍ਹਾਂ ਨੇ ਮੈਨੂੰ ਐਸ.ਬੀ.ਏ.ਸੀ. ਹਾਈ ਸਕੂਲ, ਬਜਵਾੜਾ, ਹੁਸ਼ਿਆਰਪੁਰ, ਜੋ ਕਿ ਸਾਡੇ ਘਰ ਤੋਂ ਚਾਰ ਕਿਲੋਮੀਟਰ ਦੀ ਦੂਰੀ ਤੇ ਸੀ, ਵਿਚ ਦਾਖਲ ਕਰਵਾਉਣ ਦਾ ਫ਼ੈਸਲਾ ਕੀਤਾ।

ਮੈਂ ਉਥੇ ਆਪਣੀ ਪੜ੍ਹਾਈ ਸ਼ੁਰੂ ਕੀਤੀ। ਮੈਂ ਮਿਹਨਤੀ ਸਾਂ ਅਤੇ ਆਪਣੀ ਜਮਾਤ ਵਿਚ ਹੁਸ਼ਿਆਰ ਵਿਦਿਆਰਥੀ ਸਾਂ। ਕਿਉਂਕਿ ਮੈਂ ਲੰਬਾ ਸਾਂ, ਇਸ ਲਈ, ਵਧੇਰੇ ਕਰਕੇ ਮੇਰੇ ਸਕੂਲ ਦੇ ਕਈ ਵਿਦਿਆਰਥੀ ਮੈਨੂੰ “ਲੰਬੂ, ਲੰਬੂ” ਕਹਿ ਕੇ ਚਿੜਾਉਂਦੇ ਸਨ। ਮੈਂ ਆਪਣੇ ਆਪ ਵਿਚ ਇਕੱਲਾ ਰਹਿੰਦਾ ਸਾਂ, ਪਰ ਬੁੱਧੀਮਾਨ ਵਿਦਿਆਰਥੀ ਮੇਰੇ ਸਭ ਤੋਂ ਚੰਗੇ ਮਿੱਤਰ ਸਨ।

ਜਦੋਂ ਮੈਂ ਪੰਜਵੀਂ ਕਲਾਸ ਵਿਚ ਪੜ੍ਹ ਰਿਹਾਂ ਸਾਂ ਤਾਂ ਮੇਰਾ ਵਿਆਹ ਹੋਇਆ। ਭਾਵੇਂ ਵਿਆਹ ਤੋਂ ਬਾਅਦ ਮੇਰੇ ਵਿਚ ਕੁਝ ਤਬਦੀਲੀ ਜ਼ਰੂਰ ਆਈ, ਪਰ ਮੈਂ ਆਪਣੀ ਪੜ੍ਹਾਈ ਜਾਰੀ ਰੱਖਣ ਦਾ ਪੂਰਾ ਯਤਨ ਕੀਤਾ। ਉਨ੍ਹਾਂ ਦਿਨਾਂ ਵਿਚ ਅਜਿਹਾ ਰਿਵਾਜ਼ ਸੀ ਕਿ ਨਵੀਂ ਵਿਆਹੀ ਦੁਲਹਨ ਆਪਣੇ ਸਹੁਰੇ ਘਰ ਇਕ ਰਾਤ ਹੀ ਠਹਿਰਿਆ ਕਰਦੀ ਸੀ ਅਤੇ ਅਗਲੇ ਦਿਨ ਆਪਣੇ ਭਰਾ ਅਤੇ ਭਰਜਾਈ ਨਾਲ ਵਾਪਸ ਪੇਕੇ ਚਲੀ ਜਾਂਦੀ ਸੀ, ਜਿਵੇਂ ਕਿ ਉਦੋਂ ਰਿਵਾਜ਼ ਸੀ।

ਰਿਵਾਜ਼ ਦੇ ਅਨੁਸਾਰ, ਕੁਝ ਸਮਾਂ ਪਾ ਕੇ ਜਦੋਂ ਮੁੰਡਾ ਅਤੇ ਕੁੜੀ ਜਵਾਨ/ਬਾਲਗ ਹੋ ਜਾਂਦੇ ਸਨ, ਤਾਂ “ਮੁਕਲਾਵੇ” ਦੀ ਰਸਮ ਹੋਇਆ ਕਰਦੀ ਸੀ। ਇਸੇ ਅਨੁਸਾਰ, ਮੇਰਾ “ਮੁਕਲਾਵਾ” ਉਦੋਂ ਹੋਇਆ ਜਦੋਂ ਮੈਂ ਅਠਵੀਂ ਵਿਚ ਪੜ੍ਹ ਰਿਹਾ ਸੀ। ਹੋਣਹਾਰ ਵਿਦਿਆਰਥੀ ਹੋਣ ਦੇ ਕਾਰਣ ਮੈਂ ਵਜ਼ੀਫ਼ੇ ਲਈ ਤਿਆਰੀ ਕਰ ਰਿਹਾ ਸੀ। ਜਿਥੋਂ ਤਕ ਮੈਨੂੰ ਯਾਦ ਪੈਂਦਾ ਹੈ, ਉਦੋਂ ਵਜ਼ੀਫ਼ੇ ਦੀ ਰਕਮ 5-10 ਰੁਪਏ ਪ੍ਰਤੀ ਮਹੀਨਾ ਸੀ। ਭਾਵੇਂ ਮੈਂ ਵਜ਼ੀਫ਼ਾ ਤਾਂ ਪ੍ਰਾਪਤ ਨਹੀਂ ਕਰ ਸਕਿਆ, ਪਰ ਮੈਂ ਮਿਡਲ ਕਲਾਸ ਦੀ ਪ੍ਰੀਖਿਆ ਪਾਸ ਕਰ ਲਈ। ਬੜੀਆਂ ਔਕੜਾਂ ਅਤੇ ਤਕਲੀਫ਼ਾਂ ਦੇ ਬਾਵਜੂਦ ਮੈਂ ਆਪਣੀ ਪੜ੍ਹਾਈ ਜਾਰੀ ਰੱਖੀ। ਉਸ ਅਰਸੇ ਦੌਰਾਨ, ਅਭਾਗੇ ਨੂੰ ਮੇਰੇ ਪਿਤਾ ਜੀ ਦਾ ਦਿਹਾਂਤ ਹੋ ਗਿਆ। ਪਰ, ਮੇਰੇ ਮਾਤਾ ਜੀ ਨੇ ਮੈਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਪ੍ਰੇਰਿਆ ਅਤੇ ਜ਼ੋਰ ਦਿੱਤਾ। ਉਸ ਵੇਲੇ ਮੈਂ, ਮੇਰੇ ਮਾਤਾ ਜੀ ਅਤੇ ਮੇਰੀ ਧਰਮ-ਪਤਨੀ ਪਰਿਵਾਰ ਦੇ ਬਾਕੀ ਮੈਂਬਰਾਂ ਤੋਂ ਪਹਿਲਾਂ ਤੋਂ ਹੀ ਅੱਡ ਰਹਿ ਰਹੇ ਸਾਂ।

ਮੇਰੀ ਪਤਨੀ ਨੇ ਇਕ ਲੜਕੇ ਸਾਡੇ ਬੇਟੇ ਦੇਵ ਰਾਜ ਨੂੰ ਜਨਮ ਦਿੱਤਾ। ਇਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਮੈਟ੍ਰਿਕ ਦੀ ਪ੍ਰੀਖਿਆ ਤੋਂ ਦੋ-ਤਿੰਨ ਮਹੀਨਿਆਂ ਬਾਅਦ ਨਤੀਜਾ ਨਿਕਲਿਆ ਅਤੇ ਮੈਂ ਚੰਗੇ ਨੰਬਰ ਲੈ ਕੇ ਹਾਈ ਸਕੂਲ ਦੀ ਪ੍ਰੀਖਿਆ ਪਾਸ ਕੀਤੀ। ਇਸ ਉਪਰੰਤ ਨੌਕਰੀ ਲਈ ਕਈ ਤਰ੍ਹਾਂ ਦੀਆਂ ਔਕੜਾਂ ਪੇਸ਼ ਆਈਆਂ ਕਿਉਂਕਿ ਇਕ ਤਾਂ ਸਾਡੀ ਕੋਈ ਪਹੁੰਚ (ਸਿਫ਼ਾਰਸ਼) ਨਹੀਂ ਸੀ ਅਤੇ ਅਸੀਂ ਸ਼ਡਿਯੂਲਡ ਕਾਸਟ ਕਮਿਯੂਨਿਟੀ ਦੇ ਸਾਂ। ਪਰ, ਕੁਝ ਸਮਾਂ ਪਾ ਕੇ, ਮੈਨੂੰ ਪੰਜਾਬ ਵਿਧਾਨ ਸਭਾ (ਪੰਜਾਬ ਲੈਜਿਸਲੇਟਿਵ ਅਸੈਂਬਲੀ), ਚੰਡੀਗੜ੍ਹ, ਵਿਚ ਨੌਕਰੀ ਮਿਲ ਗਈ, ਅਤੇ ਮੈਂ ਸਾਰੇ ਸਕੱਤਰੇਤ ਵਿਚ ਕੇਵਲ ਇੱਕੋ ਅਤੇ ਪਹਿਲਾ ਸ਼ਡਿਯੂਲਡ ਕਾਸਟ ਕਲਰਕ ਸਾਂ।

ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਰਿਜ਼ਰਵੇਸ਼ਨ ਪਾਲਿਸੀ ਦੇ ਮੁਤਾਬਕ, ਪੰਜਾਬ ਵਿਧਾਨ ਸਭਾ ਦੁਆਰਾ ਅਪਣਾਈ ਗਈ ਇਸ ਪਾਲਿਸੀ ਦੇ ਅਧੀਨ ਮੈਨੂੰ ਬਤੌਰ ਸੁਪਰਡੰਟ ਤਰੱਕੀ ਦਿੱਤੀ ਗਈ।


ਫਿਰ, ਇਕ ਨਾਨ-ਸ਼ਡਿਯੂਲਡ ਕਾਸਟ ਕਰਮਚਾਰੀ, ਸ਼੍ਰੀ ਬਲਬੀਰ ਸਿੰਘ ਵਾਲੀਆ, ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ, ਵਿਚ ਮੇਰੀ ਇਸ ਤਰੱਕੀ ਦਿੱਤੇ ਜਾਣ ਨੂੰ ਚੈਲੰਜ ਕਰ ਦਿੱਤਾ। ਇਹ ਮੇਰੇ ਲਈ ਮੁੜ ਕੇ ਬੜਾ ਔਖਾ ਅਤੇ ਪ੍ਰੀਖਿਆ ਦਾ ਨਾ ਭੁਲਾਉਣ ਵਾਲਾ ਸਮਾਂ ਸੀ ਕਿਉਂਕਿ ਇਸ ਕੇਸ ਨੂੰ ਕੋਰਟ ਵਿਚ ਲੜਣ ਦੀ ਮੇਰੀ ਸਮਰੱਥਾ ਨਹੀਂ ਸੀ। ਪਰ ਪਰਮਾਤਮਾ ਦੀਆਂ ਅਪਾਰ ਬਖ਼ਸ਼ਿਸ਼ਾਂ ਸਦਕਾ ਅਤੇ ਆਪਣੇ ਸ਼ੁਭਚਿੰਤਕਾਂ ਦੁਆਰਾ ਦਿੱਤੇ ਗਏ ਸਮੱਰਥਨ ਅਤੇ ਸਹਿਯੋਗ ਨਾਲ ਮੇਰਾ ਮਨੋਬਲ ਕਾਇਮ ਰਿਹਾ, ਅਤੇ ਮੈਂ ਹਾਈ ਕੋਰਟ ਵਿਚ ਇਹ ਕੇਸ ਜਿੱਤ ਗਿਆ।

ਮੇਰੀਆਂ ਅੱਗੇ ਦੀਆਂ ਤਰੱਕੀਆਂ ਦਾ ਸਿਲਸਿਲਾ ਮਾਨਯੋਗ ਹਾਈ ਕੋਰਟ ਦੇ ਇਸ ਫ਼ੈਸਲੇ ਨਾਲ ਹੀ ਸਮਾਪਤ ਨਹੀਂ ਹੋ ਗਿਆ। ਇਸ ਤੋਂ ਬਾਅਦ ਅਧੀਨ ਸਕੱਤਰ ਵਜੋਂ ਮੇਰੀ ਅਗਲੀ ਤਰੱਕੀ ਵੇਲੇ, ਇਕ ਹੋਰ ਵਿਅਕਤੀ, ਜੋ ਕਿ ਨਾਨ-ਸ਼ਡਿਯੂਲਡ ਕਾਸਟ ਨਹੀਂ ਸਗੋਂ ਮੇਰੀ ਆਪਣੀ ਹੀ ਬਰਾਦਰੀ ਦਾ ਸੀ, ਵਲੋਂ ਫ਼ੇਰ ਅੜਿੱਕਾ ਪਾ ਦਿੱਤਾ ਗਿਆ। ਸ਼੍ਰੀ ਲੇਖ ਰਾਜ ਪਰਵਾਨਾ (ਸ਼ਡਿਯੂਲਡ ਕਾਸਟ) ਜੋ ਕਿ ਮੇਰੇ ਤੋਂ ਜੂਨੀਅਰ ਸੀ, ਨੇ ਉਸੇ ਹਾਈ ਕੋਰਟ ਵਿਚ ਮੇਰੀ ਅਗਲੀ ਤਰੱਕੀ ਵਿਰੁੱਧ ਰਿੱਟ ਦਾਇਰ ਕਰ ਦਿੱਤੀ।

ਦੁਬਾਰਾ ਫ਼ਿਰ ਪਰਮਾਤਮਾ ਦੀਆਂ ਅਥਾਹ ਬਖ਼ਸ਼ਿਸ਼ਾਂ ਅਤੇ ਆਪਣੇ ਸ਼ੁਭਚਿੰਤਕਾਂ ਦੇ ਸਮੱਰਥਨ ਸਦਕਾ ਮੈਂ ਉਹ ਕੇਸ ਵੀ ਕੋਰਟ ਵਿਚ ਜਿੱਤ ਗਿਆ। ਪਰ ਇਹ ਬੜੀ ਮੰਦਭਾਗੀ ਗੱਲ ਹੈ ਕਿ ਆਪਣੀਆਂ ਤਰੱਕੀਆਂ ਲਈ ਮੈਨੂੰ ਬਹੁਤ ਜੱਦੋ-ਜਹਿਦ ਕਰਨੀ ਪਈ। ਪਰ, ਵੱਡੇ ਅਫ਼ਸਰਾਂ, ਮੇਰੇ ਕਲੀਗਜ਼ ਅਤੇ ਮੇਰੇ ਮਾਤਹਿਤ ਕਰਮਚਾਰੀਆਂ ਨੇ ਮੈਨੂੰ ਪੂਰਾ ਸਹਿਯੋਗ ਦਿੱਤਾ ਅਤੇ ਮੇਰੇ ਪੂਰੇ ਸੇਵਾ-ਕਾਲ ਦੌਰਾਨ ਪੂਰਣ ਸਨਮਾਨ ਦਿੱਤਾ। ਮੇਰੇ ਪਾਸ ਅਲਫ਼ਾਜ਼ ਨਹੀਂ ਹਨ ਜਿਨ੍ਹਾਂ ਨਾਲ ਮੈਂ ਉਨ੍ਹਾਂ ਦੀ ਪ੍ਰਸ਼ੰਸਾ ਕਰ ਸਕਾਂ। ਮੇਰੀ ਰਿਟਾਇਰਮੈਂਟ ਤੋਂ ਬਾਅਦ ਵੀ ਹੁਣ ਤਕ ਸਾਰੇ ਕਰਮਚਾਰੀ ਮੈਨੂੰ ਪੂਰਾ ਆਦਰ-ਸਤਿਕਾਰ ਦੇਂਦੇ ਹਨ।

ਇਸ ਪੁਸਤਕ ਵਿਚ ਜੋ ਕੁਝ ਵੀ ਲਿਖਿਆ ਗਿਆ ਹੈ ਉਹ ਸਭ ਪਰਮਾਤਮਾ ਦੀਆਂ ਅਸੀਸਾਂ ਸਦਕਾ ਹੀ ਲਿਖਿਆ ਗਿਆ ਹੈ ਕਿਉਂਕਿ ਗੁਰੂ, ਭਾਵ ਟੀਚਰ/ਮਾਸਟਰ ਤੋਂ ਬਿਨਾਂ ਕੋਈ ਕੁਝ ਵੀ ਨਹੀਂ ਕਰ ਸਕਦਾ।

ਮੈਂ ਪੰਜਾਬ, ਇੰਡੀਆ, ਦੇ ਪੇਂਡੂ ਇਲਾਕੇ ਦੇ ਇਕ ਛੋਟੇ ਜਿਹੇ ਪਿੰਡ ਦੇ ਇਕ ਬਹੁਤ ਗ਼ਰੀਬ ਪਰਿਵਾਰ (ਗ਼ਰੀਬੀ ਰੇਖਾ ਤੋਂ ਹੇਠਾਂ ਵਾਲੇ ਪਰਿਵਾਰ) ਵਿਚ ਪੈਦਾ ਹੋਇਆ ਸਾਂ। ਹੁਣ ਮੈਂ ਅਮਰੀਕਾ ਜੋ ਕਿ ਵਿਸ਼ਵ ਦਾ ਨੰਬਰ ਇਕ ਦਾ ਦੇਸ਼ ਹੈ ਦਾ ਨਾਗਰਿਕ ਬਣ ਗਿਆ ਹਾਂ। ਮੇਰੀ ਆਪਣੀ ਸੋਚ ਦੇ ਮੁਤਾਬਕ ਮੈਂ ਭਾਰਤ ਅਤੇ ਅਮਰੀਕਾ ਦੇ ਵਿਚ ਕਿਸੇ ਵੀ ਕੋਣ ਤੋਂ ਕੋਈ ਫ਼ਰਕ ਨਹੀਂ ਵੇਖਦਾ।

ਮੈਂ, ਆਪਣੇ ਗਿਆਨ ਦੇ ਮੁਤਾਬਕ, ਹੇਠ ਅਨੁਸਾਰ ਵਿਸ਼ਵਾਸ ਕਰਦਾ ਹਾਂ:

"ਦੋ ਤਾਂ ਹੋਵੇ ਸੰਗ-ਸਾਥ। ਤਿੰਨ ਨਾ ਹੋਵੇ ਕੁਝ ਵੀ।
ਜੇਕਰ ਹੋ ਜਾਣ ਤਿੰਨ ਕਿਸੇ ਇਕ ਵਿਚ, ਤਾਂ ਸੰਭਵ ਹੋ ਜਾਵੇ ਸਭ ਕੁਝ"।

ਸੋ ਮੇਰੇ ਪਰਿਵਾਰ ਵਿਚ ਕਿਸੇ ਕਿਸਮ ਦਾ ਤਰੱਕੀ ਅਤੇ ਵਾਧਾ ਜੋ ਹੋਇਆ ਉਹ ਸਿਰਫ਼ ਮੇਰੇ ਮਾਤਾ, ਪਿਤਾ ਅਤੇ ਪਰਮਾਤਮਾ ਦੀਆਂ ਅਸੀਸਾਂ, ਅਤੇ ਮੇਰੀ ਧਰਮ-ਪਤਨੀ ਦੇ ਸਹਿਯੋਗ ਕਰਕੇ ਵਿਸ਼ੇਸ਼ ਕਰਕੇ ਅਤੇ ਮੇਰੇ ਪਰਿਵਾਰ ਦੇ ਸਾਰੇ ਮੈਂਬਰਾਂ, ਰਿਸ਼ਤੇਦਾਰਾਂ ਅਤੇ ਹੋਰਨਾਂ ਸ਼ੁਭਚਿੰਤਕਾਂ ਅਤੇ ਦੋਸਤਾਂ-ਮਿੱਤਰਾਂ ਦੇ ਸਹਿਯੋਗ ਨਾਲ ਹੋਇਆ।

ਮੈਂ ਆਪਣੇ ਗੁਰੂ ਸੰਤ ਗਰੀਬ ਦਾਸ ਜੀ ਮਹਾਰਾਜ, ਡੇਰਾ ਬੱਲਾਂ (ਸੱਚ ਖੰਡ), ਤਹਿਸੀਲ ਅਤੇ ਜ਼ਿਲ੍ਹਾ ਜਲੰਧਰ, ਪੰਜਾਬ, ਇੰਡੀਆ, ਦੇ ਹੁਕਮਾਂ ਦੀ ਪਾਲਣਾ ਕਰਨ ਲਈ ਆਪਣੀ ਪੂਰੀ ਵਾਹ ਲਾ ਰਿਹਾ ਹਾਂ।

ਮੈਂ ਆਪਣੇ ਜੀਵਨ ਵਿਚ ਆਪਣੀ ਸਮਰੱਥਾ ਅਨੁਸਾਰ ਸਦਾ ਲੋੜਵੰਦ ਵਿਅਕਤੀਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹਾਂ। ਇਸ ਲਈ, ਬਾਵਜੂਦ ਇਸ ਸੱਚਾਈ ਦੇ ਕਿ ਮੈਂ ਸਰੀਰਕ ਤੌਰ ਤੇ ਅਪਾਹਜ ਹਾਂ, ਕਿਉਂਕਿ ਸਾਲ 1999 ਤੋਂ ਮੇਰੀ ਨਜ਼ਰ ਵਿਚ 100% ਨੁਕਸ ਹੈ, ਮੈਂ ਇਸ ਵਿਚਾਰ ਨੂੰ ਮੁੱਖ ਰੱਖਦਿਆਂ, ਆਪਣੀ ਮੌਤ ਤੋਂ ਬਾਅਦ, ਆਪਣਾ ਸਰੀਰ, ਪੀ.ਜੀ.ਆਈ., ਚੰਡੀਗੜ੍ਹ, ਨੂੰ ਦੇਣ ਦੀ ਆਪਸ਼ਨ ਦਿੱਤੀ ਹੋਈ ਹੈ।

ਮੇਰੀ ਰਿਟਾਇਰਮੈਂਟ ਤੋਂ ਬਾਅਦ, ਮੇਰੀਆਂ ਲੋੜਾਂ ਮੇਰੀ ਰਿਟਾਇਰਮੈਂਟ ਪੈਨਸ਼ਨ ਨਾਲ ਪੂਰੀਆਂ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ, ਮੇਰੇ ਬੱਚੇ ਵੀ ਸਮੇਂ-ਸਮੇਂ ਤੇ ਸਾਡੀ ਮਦਦ ਕਰਦੇ ਹਨ। ਇਸਲਈ, ਮੈਂ ਕਦੇ ਵੀ ਆਪਣੇ ਡਾਕਟਰੀ ਖ਼ਰਚੇ/ ਦਵਾਈਆਂ ਦੇ ਬਿਲਾਂ ਆਦਿ ਦੀ ਰੀ-ਇੰਬਰਸਮੈਂਟ ਨਹੀਂ ਲਈ ਹੈ। ਮੈਂ ਹੁਣ ਤਕ ਸਿਰਫ਼ ਉਹੀ ਮੈਡੀਕਲ ਅਲਾਉਂਸ ਲੈਂਦਾ ਰਿਹਾ ਹਾਂ ਜੋ ਮੈਨੂੰ ਮੇਰੀ ਤਨਖ਼ਾਹ/ਪੈਨਸ਼ਨ ਨਾਲ ਮਿਲਦਾ ਹੈ। ਇਹ ਇਸ ਲਈ ਕਿ ਮੇਰਾ ਇਹ ਵਿਚਾਰ ਹੈ ਕਿ ਇਸ ਨਾਲ ਸਟੇਟ ਦੀ ਆਰਥਕਤਾ ਵਿਚ ਸਾਡਾ ਕੁਝ ਅੰਸ਼ਦਾਨ ਹੋ ਸਕੇਗਾ, ਭਾਵੇਂ ਮੈਂ ਅਤੇ ਮੇਰੀ ਧਰਮ-ਪਤਨੀ ਕੁਝ ਕਰਾਨਿਕ ਬਿਮਾਰੀਆਂ ਦੇ ਮਰੀਜ਼ ਹਾਂ। ਮੇਰੀ ਧਰਮ-ਪਤਨੀ ਨੂੰ ਸ਼ੁਗਰ ਹੈ ਅਤੇ ਰੀੜ੍ਹ ਦੀ ਹੱਡੀ ਦੀ ਤਕਲੀਫ਼ ਵੀ ਹੈ ਅਤੇ ਮੈਂ ਐਡਵਾਂਸਡ ਗਲਾਕੋਮਾ ਕਰਕੇ “ਲੀਗਲੀ ਬਲਾਇੰਡ” ਹਾਂ।

ਇਥੇ ਮੈਂ ਇਸ ਗੱਲ ਦਾ ਜ਼ਿਕਰ ਕਰਨਾ ਚਾਹਾਂਗਾ ਕਿ ਸੰਨ 1954 ਤੋਂ ਮੈਂ ਦਿ ਟ੍ਰੀਬਿਊਨ ਅਖ਼ਬਾਰ ਪੜ੍ਹਦਾ ਰਿਹਾ ਹਾਂ, ਜੋ ਕਿ ਮੇਰੇ ਲਈ ਸਦਾ ਹੀ ਸਭ ਤੋਂ ਵਧੇਰੇ ਵਿਸ਼ਵਾਸਯੋਗ ਜਾਣਕਾਰੀ ਦਾ ਸ੍ਰੋਤ ਰਿਹਾ ਹੈ।

ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਹੋਰ ਮਾਰਗ-ਦਰਸ਼ਨ ਅਤੇ ਮਸ਼ਵਰਾ ਦੇਣ ਲਈ ਆਪਣੇ ਵਿਚਾਰ ਪ੍ਰਗਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਨੂੰ ਪੂਰੀ ਤਸੱਲੀ ਹੈ ਕਿ ਉਨ੍ਹਾਂ ਨੂੰ ਸਭ ਭਲੀ-ਭਾਂਤ ਜਾਣਕਾਰੀ ਹੈ ਕਿ ਆਪਣੀ ਜ਼ਿੰਦਗੀ ਕਿਵੇਂ ਜਿਊਣੀ ਹੈ। ਇਸਤੋਂ ਇਲਾਵਾ, ਜੋ ਕੁਝ ਵੀ ਅਸੀਂ ਹੁਣ ਤਕ ਆਪਸ ਵਿਚ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਦੇ ਰਹੇ ਹਾਂ, ਉਹ ਉਨ੍ਹਾਂ ਦੁਆਰਾ ਅਮਲ ਕਰਨ ਲਈ ਬਹੁਤ ਕਾਫ਼ੀ ਹੈ।

ਮੈਨੂੰ ਇਹ ਕਹਿਣ ਵਿਚ ਬੜੀ ਖ਼ੁਸ਼ੀ ਹੈ ਕਿ ਮੇਰੇ ਪਰਿਵਾਰ ਦੇ ਸਾਰੇ ਮੈਂਬਰ ਆਗਿਆਕਾਰੀ, ਚੰਗੇ, ਸੂਝਵਾਨ ਅਤੇ ਮਿਹਨਤੀ ਹਨ। ਮੈਂ ਉਨ੍ਹਾਂ (ਖ਼ਾਸ ਕਰਕੇ ਅੱਬਾ), ਊਸ਼ਾ ਅਤੇ ਡਾ. ਸੋਹਣ ਲਾਲ ਭਟੋਆ ਦੁਆਰਾ, ਸਾਡੇ ਨਾਲ ਵਰਤ-ਵਿਹਾਰ ਅਤੇ ਸੇਵਾ-ਭਾਵ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ। ਸਾਨੂੰ ਯਕੀਨ ਹੈ ਕਿ ਆਪਣੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਉਹ ਸਾਡੀਆਂ ਚੰਗੀਆਂ ਰੀਤੀਆਂ ਅਤੇ ਲੀਹਾਂ ਨੂੰ ਭਵਿੱਖ ਵਿਚ ਵੀ ਅਪਣਾਉਂਦੇ ਰਹਿਣਗੇ। ਪਰਮਾਤਮਾ ਉਨ੍ਹਾਂ ਸਾਰਿਆਂ ਤੇ ਮਿਹਰ ਕਰੇ।

No comments:

Post a Comment