Thursday, March 3, 2011

ਮੁੱਖਬੰਧ

ਆਪਣੇ ਜੀਵਨ ਦੇ ਵੱਖ-ਵੱਖ ਪੜਾਵਾਂ ਤੇ ਭਾਰਤ ਵਿਚ ਅਤੇ ਵਿਦੇਸ਼ਾਂ ਵਿਚ ਹੋਏ ਅਨੁਭਵਾਂ ਨੂੰ ਕਲਮਬੱਧ ਕਰਕੇ ਇਸ ਪੁਸਤਕ ਨੂੰ ਲਿਖਣ ਦਾ ਵਿਚਾਰ ਮੇਰੇ ਮਨ ਵਿਚ ਉਦੋਂ ਪੈਦਾ ਹੋਇਆ ਜਦੋਂ ਮੈਂ ਅਮਰੀਕਾ ਵਿਚ ਆਪਣੇ ਘਰ ਵਿਚ ਬੈਠਾ ਪਰਮਾਤਮਾ ਦੁਆਰਾ ਮੈਨੂੰ, ਮੇਰੀ ਧਰਮ-ਪਤਨੀ ਨੂੰ ਅਤੇ ਮੇਰੇ ਸਾਰੇ ਪਰਿਵਾਰ ਨੂੰ ਪ੍ਰਦਾਨ ਕੀਤੀਆਂ ਦਾਤਾਂ ਲਈ ਸ਼ੁਕਰਾਨਾ ਕਰ ਰਿਹਾ ਸੀ, ਅਤੇ ਇਹ ਸੋਚ ਰਿਹਾ ਸੀ ਕਿ ਦਾਤੇ ਨੇ ਸਾਡੇ ਪਰਿਵਾਰ ਦੇ ਦੋਹਾ ਧਿਰਾਂ (ਭਾਰਤ ਵਿਚ ਅਤੇ ਅਮਰੀਕਾ ਵਿਚ) ਉਹ ਸਭ ਕੁਝ ਦਿੱਤਾ ਹੋਇਆ ਹੈ ਜਿਸਦੀ ਸਾਨੂੰ ਇੱਛਾ ਸੀ।

ਮੈਂ ਆਪਣੇ ਜੀਵਨ ਵਿਚ ਇਕ ਬਹੁਤ ਛੋਟੇ ਵਿਅਕਤੀ ਤੋਂ ਇਕ ਬੜੇ ਮਾਨਤਾਯੋਗ ਅਹੁਦੇ ਤੇ ਪਹੁੰਚਿਆ, ਇਹ ਸਭ ਕੁਝ ਉਸ ਸਰਵ-ਸ਼ਕਤੀਮਾਨ ਪਰਮਾਤਮਾ ਦੀਆਂ ਬਖ਼ਸ਼ਿਸ਼ਾਂ ਸਦਕਾ ਹੀ ਹੋਇਆ। ਇਸ ਲਈ, ਇਸ ਪੁਸਤਕ ਵਿਚ, ਮੈਂ ਆਪਣੇ ਜੀਵਨ ਵਿਚਲੇ ਸੰਘਰਸ਼ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਵਿਚ ਦਰਸਾਏ ਗਏ ਸਾਰੇ ਤੱਥ ਮੇਰੇ ਜੀਵਨ ਵਿਚ ਵਾਪਰੀਆਂ ਘਟਨਾਵਾਂ ਦੀ ਹਕੀਕਤ ਹਨ ਅਤੇ ਹੋ ਸਕਦਾ ਹੈ ਇਨ੍ਹਾਂ ਨੂੰ ਪੜ੍ਹਣ ਨਾਲ ਹੋਰਨਾਂ, ਜਿਨ੍ਹਾਂ ਵਿਚ ਮੇਰੇ ਪਰਿਵਾਰ ਦੇ ਮੈਂਬਰ ਵੀ ਸ਼ਾਮਲ ਹਨ, ਨੂੰ ਪ੍ਰੇਰਣਾ ਮਿਲ ਸਕੇ। ਭਾਵੇਂ ਜੀਵਨ ਅਤੇ ਇਸਦੇ ਪੜਾਵਾਂ ਦੇ ਸਾਰੇ ਪਹਿਲੂਆਂ ਨੂੰ ਸੰਖੇਪ ਰੂਪ ਵਿਚ ਉਜਾਗਰ ਕਰਨ ਦਾ ਯਤਨ ਕੀਤਾ ਗਿਆ ਹੈ, ਪਰ ਜੋ ਕੁਝ ਪਰਮਾਤਮਾ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਦਿੱਤਾ ਹੈ, ਉਹ ਸਾਰਾ ਇਸ ਪੁਸਤਕ ਦੇ ਕੁਝ ਕੁ ਸਫ਼ਿਆਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਸਰਵ-ਸ਼ਕਤੀਮਾਨ ਪਰਮਾਤਮਾ ਦਾ ਧੰਨਵਾਦ ਕਰਨ ਤੋਂ ਇਲਾਵਾ, ਇਸ ਪੁਸਤਕ ਵਿਚ ਮੈਂ ਆਪਣੇ ਜੀਵਨ ਦੀਆਂ ਕੁਝ ਹੋਰ ਮਹੱਤਵਪੂਰਣ ਘਟਨਾਵਾਂ/ਵਾਕਿਆ ਦਾ ਵੀ ਸੰਖੇਪ ਵਿਚ ਵਰਣਨ ਕੀਤਾ ਹੈ।

ਮੈਂ ਬਹੁਤ ਹੀ ਭਾਗਸ਼ਾਲੀ ਹਾਂ ਕਿ ਉਸ ਸਰਬਵਿਆਪਕ ਪਰਮਾਤਮਾ ਨੇ ਮੇਰੀ ਹਰ ਲੋੜ ਸਬੰਧੀ ਮੇਰੀਆਂ ਅਰਦਾਸਾਂ ਨੂੰ ਸਦਾ ਕਬੂਲ ਕੀਤਾ। ਹੇ ਮੇਰੇ ਈਸ਼ਵਰ ਸਾਨੂੰ ਸ਼ਕਤੀ ਦੇ ਕਿ ਅਸੀਂ ਹਰ ਸਮੇਂ ਤੈਨੂੰ ਯਾਦ ਰੱਖੀਏ।

ਮੈਂ ਦੋਵੇਂ ਹੱਥ ਜੋੜ ਕੇ ਆਪਣੇ ਸਤਿਕਾਰਯੋਗ ਪਿਤਾ ਜੀ ਅਤੇ ਮਾਤਾ ਜੀ ਲਈ ਅਰਦਾਸ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਜੀਵਨ ਦੇ ਹਰ ਪੜਾਅ ਤੇ ਮੈਨੂੰ ਸਾਥ ਦਿੱਤਾ ਅਤੇ ਮੇਰੀ ਰਹਿਨੁਮਾਈ ਕੀਤੀ, ਜਿਸਦੇ ਸਿੱਟੇ ਵਜੋਂ ਮੈਂ ਇਕ ਖ਼ੁਸ਼ੀ ਭਰਪੂਰ ਜੀਵਨ ਬਤੀਤ ਕਰ ਸਕਿਆ। ਭਾਵੇਂ ਮੇਰੇ ਮਾਤਾ ਅਤੇ ਪਿਤਾ ਦੋਵੇਂ ਗੁਜ਼ਰ ਚੁਕੇ ਹਨ ਪਰ ਉਹ ਸਦਾ ਮੇਰੇ ਹਿਰਦੇ ਵਿਚ ਨਿਵਾਸ ਕਰਦੇ ਹਨ।

No comments:

Post a Comment