ਮੇਰਾ ਜਨਮ ਪੰਜਾਬ ਦੇ ਤਹਿਸੀਲ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਇਕ ਛੋਟੇ ਜਿਹੇ ਪਿੰਡ ਸ਼ੇਰਗੜ੍ਹ ਵਿਖੇ ਹੋਇਆ। ਸਕੂਲ ਦੇ ਰਿਕਾਰਡ ਮੁਤਾਬਕ ਮੇਰੀ ਜਨਮ ਤਰੀਕ 20 ਜਨਵਰੀ, 1937 ਹੈ। ਮੇਰੇ ਮਾਤਾ-ਪਿਤਾ ਗ਼ਰੀਬ ਸਨ ਅਤੇ ਭਾਰਤ ਦੀ ਜਾਤ ਪ੍ਰਣਾਲੀ ਅਨੁਸਾਰ ਇਕ ਨੀਵੀਂ ਜਾਤੀ ਨਾਲ ਸਬੰਧ ਰਖਦੇ ਸਨ।
ਆਪਣੇ ਮਾਤਾ ਅਤੇ ਪਿਤਾ ਜੀ ਦੀਆਂ ਅਸੀਸਾਂ ਅਤੇ ਕਿਰਪਾ ਸਦਕਾ ਅਤੇ ਆਪਣੇ ਭਰਾਵਾਂ ਅਤੇ ਭੈਣਾਂ, ਭਰਜਾਈਆਂ ਅਤੇ ਹੋਰਨਾਂ ਦੀ ਮਦਦ ਨਾਲ, ਮੈਂ 1953 ਵਿਚ ਦਸਵੀਂ ਦੀ ਪ੍ਰੀਖਿਆ ਅਤੇ 1964 ਵਿਚ ਪ੍ਰੀ-ਯੂਨੀਵਰਸਿਟੀ ਦੀ ਪ੍ਰੀਖਿਆ ਪਾਸ ਕੀਤੀ।
ਅਸੀਂ ਆਪਣਾ ਪੂਰਾ ਤਾਣ ਲਾਇਆ ਕਿ ਕੋਈ ਨੌਕਰੀ ਮਿਲ ਜਾਵੇ ਪਰ ਗ਼ਰੀਬ ਹੋਣ ਕਰਕੇ ਅਤੇ ਕੋਈ ਚੰਗੀ ਪਹੁੰਚ (ਸਿਫ਼ਾਰਸ਼) ਨਾ ਹੋਣ ਕਰਕੇ, ਅਤੇ ਘੱਟ ਪੜ੍ਹਾਈ ਦੀ ਵਜ੍ਹਾ ਕਰਕੇ, ਨੌਕਰੀ ਮਿਲਣ ਵਿਚ ਕਾਫ਼ੀ ਸਮਾਂ ਲਗ ਗਿਆ। ਸਭ ਤੋਂ ਪਹਿਲਾਂ ਮੇਰੀ ਪੰਜਾਬ ਦੇ ਸਿੰਜਾਈ ਵਿਭਾਗ ਵਿਚ ਇਕ ਸਹਾਇਕ ਕਲਰਕ ਦੀ ਆਸਾਮੀ ਤੇ ਆਰਜ਼ੀ ਤੌਰ ਤੇ ਨਿਯੁਕਤੀ ਹੋਈ। ਮੇਰੀ ਨੌਕਰੀ ਮਿਲਣ ਤੋਂ ਪਹਿਲਾਂ ਸਾਡੇ ਪਰਿਵਾਰ ਦੇ ਹਾਲਾਤ ਇੰਨੇ ਮਾੜੇ ਸਨ ਕਿ ਸਾਡੇ ਕੋਲ ਕੋਈ ਵੀ ਪੈਸਾ ਨਹੀਂ ਸੀ ਅਤੇ ਨਾ ਹੀ ਜੀਵਨ ਬਸਰ ਕਰਨ ਦੀਆਂ ਹੋਰ ਵਸਤਾਂ ਆਦਿ ਹੀ। ਉਸ ਵੇਲੇ ਸਾਡੇ ਪਰਿਵਾਰ ਵਿਚ ਚਾਰ ਮੈਂਬਰ ਸਨ, ਭਾਵ ਮੇਰੇ ਮਾਤਾ ਜੀ, ਮੈਂ, ਮੇਰੀ ਧਰਮ-ਪਤਨੀ ਅਤੇ ਮੇਰਾ ਵੱਡਾ ਪੁੱਤਰ (ਦੇਵ ਰਾਜ), ਕਿਉਂਕਿ ਮੇਰੇ ਪਿਤਾ ਜੀ ਜਦੋਂ ਮੈਂ ਸਕੂਲ ਵਿਚ ਪੜ੍ਹ ਰਿਹਾ ਸੀ, ਅਕਾਲ-ਚਲਾਣਾ ਕਰ ਗਏ ਸਨ। ਉਨ੍ਹਾਂ ਦਿਨਾਂ ਵਿਚ ਸਾਡੇ ਲਈ ਬੜੀਆਂ ਔਕੜਾਂ ਦਰਪੇਸ਼ ਸਨ।
No comments:
Post a Comment