ਮੈਂ ਆਪਣਾ ਫ਼ਰਜ਼ ਪੂਰਾ ਨਹੀਂ ਕਰ ਰਿਹਾ ਹੋਵਾਂਗਾ ਜੇਕਰ ਮੈਂ ਆਪਣੇ ਪੁੱਤਰਾਂ ਵਰਗੇ ਜਵਾਈ ਅਤੇ ਧੀ ਦਾ ਜ਼ਿਕਰ ਨਾ ਕਰਾਂ। ਇਸ ਸਬੰਧ ਵਿਚ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੇਰਾ ਦਾਮਾਦ ਡਾ. ਸੋਹਣ ਲਾਲ ਭਟੋਆ, ਐਮ.ਬੀ.ਬੀ.ਐਸ., ਜੋ ਕਿ ਇਸ ਵੇਲੇ ਪੰਜਾਬ ਰਾਜ ਬਿਜਲੀ ਬੋਰਡ ਦੇ ਪਠਾਨਕੋਟ ਵਿਖੇ ਸਥਿਤ ਹਸਪਤਾਲ ਵਿਚ ਬਤੌਰ ਚੀਫ਼ ਮੈਡੀਕਲ ਆਫ਼ਿਸਰ ਤਾਇਨਾਤ ਹੈ, ਇਕ ਬੜੀ ਚੰਗੀ ਸ਼ਖ਼ਸੀਅਤ ਦਾ ਮਾਲਕ ਹੈ। ਉਹ ਬੜਾ ਮਿੱਠਬੋਲੜਾ ਅਤੇ ਚੰਗੀ ਸੋਚ ਵਾਲਾ ਇਨਸਾਨ ਹੈ। ਉਨ੍ਹਾਂ ਦਾ ਜੱਦੀ ਪਿੰਡ ਥੋਪੀਆ (ਤਹਿਸੀਲ ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ) ਹੈ। ਉਨ੍ਹਾਂ ਦੇ ਪਰਿਵਾਰ ਦੇ ਸਾਰੇ ਜੀਅ ਸਾਡਾ ਬਹੁਤ ਸਤਿਕਾਰ ਅਤੇ ਆਓ-ਭਗਤ ਕਰਦੇ ਹਨ, ਭਾਵੇਂ ਅਸੀਂ ਲੜਕੀ ਵਾਲੇ ਹੀ ਹਾਂ।
ਇਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਵੀ ਸਾਡੇ ਪਰਿਵਾਰ ਨੂੰ ਕੋਈ ਦੁੱਖ-ਤਕਲੀਫ਼ ਹੁੰਦੀ ਹੈ ਤਾਂ ਅਸੀਂ ਡਾ. ਸੋਹਣ ਲਾਲ ਹੋਰਾਂ ਨੂੰ ਫ਼ਟ ਟੈਲੀਫ਼ੋਨ ਕਰਕੇ ਸਲਾਹ ਲੈ ਲੈਂਦੇ ਹਾਂ, ਭਾਵੇਂ ਅੱਧੀ ਰਾਤ ਹੀ ਕਿਉਂ ਨਾ ਹੋਵੇ। ਖ਼ਾਸ ਕਰਕੇ ਜਦੋਂ ਮੇਰੀ ਧਰਮ-ਪਤਨੀ ਦੀ ਰੀੜ੍ਹ ਦੀ ਹੱਡੀ ਦੇ ਓਪ੍ਰੇਸ਼ਨ ਸਬੰਧੀ ਗੱਲ-ਬਾਤ ਚਲ ਰਹੀ ਸੀ, ਤਾਂ ਉਨ੍ਹਾਂ ਨੇ ਸਮੇਂ-ਸਮੇਂ ਤੇ ਸਾਨੂੰ ਸਹੀ ਮਸ਼ਵਰਾ ਦਿੱਤਾ। ਜਦੋਂ ਵੀ ਮੈਂ ਜਾਂ ਮੇਰੀ ਧਰਮ-ਪਤਨੀ ਨੂੰ ਉਨ੍ਹਾਂ (ਆਪਣੇ ਧੀ-ਜਵਾਈ) ਨੂੰ ਮਿਲਣ ਦੀ ਇੱਛਾ ਹੋਵੇ, ਤਾਂ ਉਹ ਸੱਤ-ਅੱਠ ਘੰਟਿਆਂ ਦਾ ਲੰਬਾ ਸਫ਼ਰ ਤੈਅ ਕਰਕੇ ਅਵੱਸ਼ ਹੀ ਸਾਨੂੰ ਮਿਲ ਜਾਂਦੇ ਹਨ। ਦੋਵੇਂ ਜੀਅ ਟੈਲੀਫ਼ੋਨ ਤੇ ਤਾਂ ਆਮ ਹੀ ਸਾਡੀ ਰਾਜ਼ੀ-ਖ਼ੁਸ਼ੀ ਪੁੱਛਦੇ ਰਹਿੰਦੇ ਹਨ।
"ਪੇਕੇ-ਸਹੁਰੇ ਹੁੰਦੇ ਨੇ ਘਰ ਨਹੀਂ ਹੁੰਦੇ ਕੁੜੀਆਂ ਦੇ,
ਕੁੜੀਆਂ-ਚਿੜੀਆਂ ਹੁੰਦੀਆਂ ਨੇ ਪਰ ਨਹੀਂ ਹੁੰਦੇ ਕੁੜੀਆਂ ਦੇ"।
ਜਿਥੋਂ ਤਕ ਸਾਡੀ ਬੇਟੀ ਨਿਰਮਲਜੀਤ (ਗੋਗੀ) ਦਾ ਸਬੰਧ ਹੈ, ਉਹ ਵੀ ਬੜੇ ਸੀਲ ਸੁਭਾਅ ਦੀ ਹੈ; ਅਤੇ ਸਭ ਤੋਂ ਵੱਡੀ ਗੱਲ ਹੈ ਕਿ ਉਸ ਦੇ ਪੱਖੋਂ ਸਾਨੂੰ ਕਦੇ ਕੋਈ ਉਲਾਂਭਾ ਨਹੀਂ ਮਿਲਿਆ ਜਿਸਦੀ ਸਾਨੂੰ ਬੜੀ ਖ਼ੁਸ਼ੀ ਅਤੇ ਤਸੱਲੀ ਹੈ ਕਿ ਸਾਡੇ ਸੰਸਕਾਰਾਂ ਵਿਚ ਕੋਈ ਕਮੀ ਨਹੀਂ ਰਹੀ।
ਇਨ੍ਹਾਂ ਦੇ ਦੋਵੇਂ ਬੇਟੇ ਨਵੀ ਅਤੇ ਸਵੀ ਬਹੁਤ ਹੀ ਪਿਆਰੇ ਹਨ। ਉਹ ਦੋਵੇਂ ਇਥੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਵਿਚ ਪੜ੍ਹਦੇ ਰਹੇ ਹਨ। ਕੁਝ ਦਿਨ ਪਹਿਲਾਂ, ਨਵੀ ਅੱਗੇ ਦੀ ਪੜ੍ਹਾਈ ਕਰਨ ਲਈ ਆਸਟ੍ਰੇਲੀਆ ਚਲਾ ਗਿਆ ਹੈ। ਸਾਡੇ ਦੋਵੇਂ ਦੋਹਤਰੇ ਸਾਨੂੰ ਬਹੁਤ ਪਿਆਰ ਕਰਦੇ ਹਨ।
ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਾਡੇ ਧੀ-ਜਵਾਈ ਅਤੇ ਉਨ੍ਹਾਂ ਦੇ ਪਰਿਵਾਰ ਦੇ ਜੀਅ ਸਦਾ ਸੁਖੀ ਰਹਿਣ ਅਤੇ ਸਮਾਜ ਪ੍ਰਤੀ ਆਪਣੇ ਕਰਤੱਵਾਂ ਦੀ ਪਾਲਣਾ ਕਰਨ ਤੋਂ ਕਦੇ ਗੁਰੇਜ਼ ਨਾ ਕਰਨ।
No comments:
Post a Comment