Sunday, February 27, 2011

ਜ਼ੱਨਤ ਨਾਲੋਂ ਸਹੁਣੀਆਂ ਮੇਰੇ ਪਿੰਡ ਦੀਆਂ ਗਲੀਆਂ

ਜਿਸ ਅਸਥਾਨ ਤੇ ਕਿਸੇ ਪ੍ਰਾਣੀ ਦਾ ਜਨਮ ਹੁੰਦਾ ਹੈ ਉਹ ਉਸ ਨੂੰ ਸੰਸਾਰ ਦੇ ਸਾਰੇ ਹੋਰ ਸਥਾਨਾਂ ਨਾਲ਼ੋਂ ਵਧੇਰੇ ਪਿਆਰਾ ਹੁੰਦਾ ਹੈ। ਕਿਉਂਕਿ ਜੋ ਸਿਖਿਆ ਉਸ ਨੂੰ ਉਥੋਂ ਪ੍ਰਾਪਤ ਹੁੰਦੀ ਹੈ ਉਹ ਸਾਰਾ ਜੀਵਨ ਭਰ ਉਸਦੇ ਅੰਗ-ਸੰਗ ਰਹਿੰਦੀ ਹੈ ਅਤੇ ਉਸਦੀ ਅਗਵਾਈ ਤੇ ਮਾਰਗ-ਦਰਸ਼ਨ ਕਰਦੀ ਹੈ। ਉਥੋਂ ਹੀ ਉਹ ਆਪਣੇ ਮਾਤਾ-ਪਿਤਾ ਦੀ ਉਂਗਲ ਫੜ ਕੇ ਵੱਡਾ ਹੁੰਦਾ ਹੈ। ਇਸ ਲਈ, ਮੈਂ ਪਰਮਾਤਮਾ ਦਾ ਬਹੁਤ ਸ਼ੁਕਰਾਨਾ ਕਰਦਾ ਹਾਂ ਕਿ ਏਨੇ ਮੁਲਕ ਘੁੰਮਣ ਤੋਂ ਬਾਅਦ ਵੀ ਮੇਰੇ ਅੰਦਰ ਇੰਡੀਆ ਵਿਚ ਆਪਣੇ ਜਨਮ-ਸਥਾਨ ਲਈ ਬਹੁਤ ਖਿੱਚ ਹੈ। ਇਸੇ ਲਈ, ਜੋ ਪ੍ਰਾਜੈਕਟ ਮੈਂ ਆਪਣੇ ਮਾਤਾ ਜੀ ਦੀ ਮਿੱਠੀ ਯਾਦ ਵਿਚ ਤਿਆਰ ਕਰਨਾ ਚਾਹੁੰਦਾ ਹਾਂ ਉਸ ਦੇ ਮੱਦੇ-ਨਜ਼ਰ ਹੀ ਮੈਂ ਸ਼ੇਰਗੜ੍ਹ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਰਿਹਾਇਸ਼-ਕਮ-ਆਫ਼ਿਸ ਦੀ ਉਸਾਰੀ ਕੀਤੀ ਹੈ।


ਬੇਸ਼ਕ ਚੰਡੀਗੜ੍ਹ, ਮੁਹਾਲੀ ਜਾਂ ਬਾਹਰਲੇ ਮੁਲਕ ਵਿਚ ਵੀ ਪਰਮਾਤਮਾ ਨੇ ਸਾਡੇ ਵਸੇਬੇ ਲਈ ਬੜੀਆਂ ਸਹੂਲਤਾਂ ਮੁਹੱਈਆ ਕੀਤੀਆਂ ਹੋਈਆਂ ਹਨ; ਪਰ ਜਿਸ ਵਸਤੂ ਨਾਲ ਸਾਨੂੰ ਸਭ ਤੋਂ ਵਧੇਰੇ ਪਿਆਰ ਹੁੰਦਾ ਹੈ, ਉਹ ਸਾਡੀ ਮਾਤ-ਭੂਮੀ ਹੈ। ਅਮਰੀਕਾ ਦੁਆਰਾ ਸਾਨੂੰ ਨਾਗਰਿਕਤਾ ਦਿੱਤੀ ਹੋਈ ਹੈ, ਪਰ ਅੰਨ-ਜਲ ਤਾਂ ਪਰਮਾਤਮਾ ਹੱਥ ਹੁੰਦਾ ਹੈ, ਭਾਵੇਂ ਉਹ ਸਾਨੂੰ ਇੰਡੀਆ ਦੀ ਫੇਰੀ ਕਰਵਾਏ ਜਾਂ ਫਿਰ ਮੁੜ ਅਮਰੀਕਾ ਜਾਈਏ।


ਮੇਰੀ ਇਹ ਕੋਸ਼ਿਸ਼ ਰਹੀ ਹੈ ਕਿ ਮੈਂ ਆਪਣੇ ਪਿੰਡ ਵਿਚ ਇਰਦ-ਗਿਰਦ ਰਹਿੰਦੇ ਆਪਣੇ ਰਿਸ਼ਤੇਦਾਰਾਂ ਵਿਚ ਜਾਗਰੂਕਤਾ ਪੈਦਾ ਕਰਾਂ। ਬੱਚਿਆਂ ਨੂੰ ਮੈਂ ਗਾਈਡ ਕੀਤਾ ਕਿ ਉਹ ਟਾਈਪ ਸਿੱਖਣ, ਕੰਪਯੂਟਰ ਦੀ ਸਿਖਲਾਈ ਲੈਣ, ਅਤੇ ਉਨ੍ਹਾਂ ਲਈ ਮੈਂ ਕਲਾਸਾਂ ਤੋਂ ਬਾਅਦ ਟਿਯੂਸ਼ਨਾਂ ਵੀ ਰੱਖਵਾ ਦਿੱਤੀਆਂ। ਇਸ ਦੇ ਸਬੰਧ ਵਿਚ ਮੈਂ ਦੋ ਟਾਈਪ-ਰਾਈਟਰ ਅਤੇ ਇਕ ਕੰਪਯੂਟਰ ਸਿਸਟਮ ਵੀ ਖ਼ਰੀਦਿਆ ਜਿਸ ਨਾਲ ਉਹ (ਲੜਕੀਆਂ) ਟਾਈਪ ਅਤੇ ਕੰਪਯੂਟਰ ਸਿੱਖ ਕੇ ਲਾਭ ਲੈ ਰਹੀਆਂ ਹਨ। ਇਹ ਕਾਰਜ ਮੈਂ ਫ਼ੇਜ਼ ਅਨੁਸਾਰ ਕੀਤਾ ਹੈ ਤਾ ਕਿ ਤਜ਼ਰਬਾ ਹਾਸਲ ਕਰਕੇ ਇਸ ਨੂੰ ਵਧਾਇਆ ਜਾਵੇ। ਪਹਿਲੇ ਫ਼ੇਜ਼ ਵਿੱਚ ਤਕਰੀਬਨ 25-28 ਪਰਿਵਾਰਾਂ ਦੀਆਂ ਬੱਚੀਆਂ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ।

No comments:

Post a Comment