Thursday, March 3, 2011

ਆਪਣੇ ਪਿਤਰੀ ਪਿੰਡ (ਪੰਜਾਬ ਵਿਚ) ਤੋਂ ਕੈਲੀਫ਼ੋਰਨੀਆ (ਅਮਰੀਕਾ)

ਮੇਰਾ ਜਨਮ ਉਦੋਂ ਹੋਇਆ ਜਦ ਕਿ ਮੇਰੇ ਮਾਤਾ-ਪਿਤਾ ਜੀ ਦੀ ਆਰਥਿਕ ਹਾਲਤ ਬਹੁਤ ਮਾੜੀ ਸੀ ਅਤੇ ਉਹ ਗ਼ਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਸਨ। ਮੈਂ ਸਿਰਫ਼ ਪ੍ਰੀ-ਯੂਨੀਵਰਸਿਟੀ ਤਕ ਹੀ ਵਿਦਿਆ ਗ੍ਰਹਿਣ ਕਰ ਸਕਿਆ ਪਰ ਗ਼ਰੀਬੀ ਦੇ ਕਾਰਣ ਹੋਰ ਅੱਗੇ ਨਾ ਪੜ੍ਹ ਸਕਿਆ।

ਮੇਰੇ ਪਿਤਰੀ ਮੁਲਕ ਵਿਚ ਪੰਜਾਬ ਲੈਜਿਸਲੇਟਿਵ ਅਸੈਂਬਲੀ, ਚੰਡੀਗੜ੍ਹ ਵਿਚ ਮੈਨੂੰ ਇਕ ਬੜੀ ਚੰਗੀ ਨੌਕਰੀ ਮਿਲੀ। ਮੈਂ ਉਥੇ ਤਕਰੀਬਨ ਚਾਲ੍ਹੀ (40) ਸਾਲ ਦੇ ਅਰਸੇ ਲਈ ਸੇਵਾ ਕੀਤੀ ਅਤੇ 1995 ਵਿਚ ਬਤੌਰ ਜਾਇੰਟ ਸੈਕਟਰੀ ਰਿਟਾਇਰ ਹੋਇਆ। ਉਸ ਤੋਂ ਬਾਅਦ ਮੈਂ ਅਤੇ ਮੇਰੀ ਧਰਮ-ਪਤਨੀ ਅਮਰੀਕਾ ਆ ਗਏ। ਹੁਣ ਅਸੀਂ ਇਥੇ ਆਪਣੇ ਪਰਿਵਾਰ ਨਾਲ ਜੀਵਨ ਦਾ ਆਨੰਦ ਮਾਣ ਰਹੇ ਹਾਂ ਕਿਉਂਕਿ ਇਸ ਸ਼ਾਨਦਾਰ ਮੁਲਕ ਵਿਚ ਸਾਨੂੰ ਉਹ ਸਾਰੀਆਂ ਸਹੂਲਤਾਂ ਮੁਹੱਈਆ ਕੀਤੀਆਂ ਗਈਆਂ ਹਨ ਜੋ ਕਿਸੇ ਵੀ.ਆਈ.ਪੀ. ਨੂੰ ਮਿਲਦੀਆਂ ਹਨ।

ਇਥੇ ਇਸ ਗੱਲ ਦਾ ਜ਼ਿਕਰ ਕਰਨਾ ਬਹੁਤ ਮਹੱਤਵਪੂਰਣ ਹੈ ਕਿ ਇਸ ਦੇਸ਼ ਦੇ ਕਾਨੂੰਨ ਦੇ ਮੁਤਾਬਕ ਮੈਂ ਅਤੇ ਮੇਰੀ ਧਰਮ-ਪਤਨੀ ਕੋਈ ਕੰਮ ਨਹੀਂ ਕਰਦੇ ਕਿਉਂਕਿ ਅਸੀਂ ਹੈਂਡੀਕੈਪਡ ਹਾਂ। ਇਸਲਈ, ਅਸੀਂ ਕੋਈ ਟੈਕਸ ਅਦਾ ਨਹੀਂ ਕਰਦੇ। ਸਗੋਂ ਅਮਰੀਕਾ ਵਿਚ ਖ਼ੁਸ਼ਹਾਲੀ ਨਾਲ ਰਹਿਣ ਲਈ ਸਾਨੂੰ ਆਪਣੀਆਂ ਰੋਜ਼ਮਰਾ ਦੀਆਂ ਲੋੜਾਂ ਅਤੇ ਰਿਹਾਇਸ਼ ਅਤੇ ਖਾਣ-ਪੀਣ ਲਈ ਸੋਸ਼ਲ ਸਕਿਉਰਟੀ ਬੈਨਿਫ਼ਿਟਸ ਦਿੱਤੇ ਜਾਂਦੇ ਹਨ।

ਕਈ ਵਾਰੀ ਮੇਰੇ ਮਨ ਵਿਚ ਅਜਿਹੇ ਵਿਚਾਰ ਆਏ ਕਿ ਮੈਨੂੰ ਕੋਈ ਸਵੈ-ਸੇਵੀ ਕੰਮ ਕਰਨਾ ਚਾਹੀਦਾ ਹੈ। ਇਸ ਅਨੁਸਾਰ, ਮੈਂ ਆਪਣੇ ਵਲੋਂ ਕੁਝ ਕਰਨ ਦੀ ਪੂਰੀ ਵਾਹ ਵੀ ਲਗਾਈ ਪਰ ਨਿਸਫ਼ਲ ਰਿਹਾ ਕਿਉਂਕਿ ਇਕ ਤਾਂ ਮੇਰੀ ਨਜ਼ਰ ਬਹੁਤ ਕਮਜ਼ੋਰ ਹੋ ਚੁਕੀ ਹੈ ਅਤੇ ਦੂਜਾ ਕਾਰਣ ਹੈ ਮੇਰੀ ਅੰਗ੍ਰੇਜ਼ੀ ਦੀ ਸਮੱਸਿਆ।

ਹੁਣ ਮੈਂ ਬਾਰ-ਬਾਰ ਇਹੀ ਸੋਚ ਰਿਹਾ ਹਾਂ ਕਿ ਮੈਂ ਪੰਜਾਬ, ਇੰਡੀਆ ਵਿਚ, ਗ਼ਰੀਬ ਲੋੜਵੰਦ ਵਿਅਕਤੀਆਂ ਲਈ ਕੋਈ ਸਮਾਜ ਸੇਵੀ ਕਾਰਜ ਕਰ ਸਕਦਾ ਹਾਂ। ਇਸ ਦਾ ਇਹ ਮਤਲਬ ਨਹੀਂ ਕਿ ਮੈਂ ਕੋਈ ਧਨਾਢ ਵਿਅਕਤੀ ਹਾਂ। ਅਜਿਹਾ ਤਾਂ ਨਹੀਂ ਹੈ, ਪਰ ਮੈਂ ਇਹ ਸਮਝਦਾ ਹਾਂ ਕਿ ਮੇਰਾ ਦਿਲ ਬੜਾ ਅਮੀਰ ਹੈ। ਮੇਰੇ ਮਨ ਵਿਚ ਇਹ ਵਿਚਾਰ ਹੈ ਕਿ ਆਪਣੇ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਰਲਵੇਂ ਰਿਸੋਰਸਿਜ਼ ਦੇ ਮੁਤਾਬਕ ਸ਼ੁਰੂ ਵਿਚ ਇਕ ਛੋਟਾ ਪ੍ਰਾਜੈਕਟ ਆਰੰਭ ਕੀਤਾ ਜਾਵੇ।

ਜੋ ਕੁਝ ਵੀ ਮੈਂ ਆਪਣੀ ਜ਼ਿੰਦਗੀ ਵਿਚ ਕੀਤਾ ਉਹ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਜਾਣ ਕੇ ਕੀਤਾ, ਜੋ ਸਦਾ ਮੇਰੇ ਅੰਗ-ਸੰਗ ਰਿਹਾ ਹੈ। ਮੈਂ ਆਪਣੇ ਆਪ ਨੂੰ ਪਰਮਾਤਮਾ ਦਾ ਅਨਿੱਖੜਵਾਂ ਅੰਗ ਸਮਝਦਾ ਹਾਂ। ਮੈਂ ਕਿਸੇ ਬਿਮਾਰੀ ਦੀ ਵਜ੍ਹਾ ਕਰਕੇ ਆਪਣੀਆਂ ਅੱਖਾਂ ਨਾਲ ਪੂਰੀ ਤਰ੍ਹਾਂ ਸਾਫ਼ ਵੇਖ ਨਹੀਂ ਸਕਦਾ। ਮੈਂ ਆਪਣੀ ਸੱਜੀ ਅੱਖ ਤੋਂ ਮੇਰੀ ਆਪਣੀ ਅਗਿਆਨਤਾ ਅਤੇ ਮੇਰੀ ਆਰਥਕ ਮੰਦਹਾਲੀ ਕਾਰਣ ਪੂਰੀ ਤਰ੍ਹਾਂ ਬਲਾਇੰਡ ਹੋ ਚੁੱਕਾ ਹਾਂ। ਮੈਂ ਆਪਣੀਆਂ ਅੱਖਾਂ ਦਾ ਧਿਆਨ ਨਾ ਰੱਖ ਸਕਿਆ ਕਿਉਂਕਿ ਮੈਂ ਪੜ੍ਹਿਆ-ਲਿਖਿਆ ਨਹੀਂ ਸਾਂ ਅਤੇ ਮੈਨੂੰ ਇਸ ਗੱਲ ਦਾ ਗਿਆਨ ਨਹੀਂ ਸੀ ਕਿ ਮੇਰੀ ਅਣਗਹਿਲੀ ਕਾਰਣ ਅਜਿਹਾ ਭਾਰੀ ਨੁਕਸਾਨ ਹੋ ਜਾਵੇਗਾ। ਹੁਣ ਇਥੇ (ਅਮਰੀਕਾ ਵਿਚ), ਮੈਂ ਆਪਣੇ ਆਪ ਨੂੰ ਨੀਵੀਂ ਜਾਤ ਵਿਚ ਪੈਦਾ ਹੋਇਆ ਨਹੀਂ ਸਮਝਦਾ ਅਤੇ ਨਾ ਹੀ ਮੈਨੂੰ ਇਸ ਸਬੰਧੀ ਕਿਸੇ ਕਿਸਮ ਦਾ ਹੀਣਤਾ ਦਾ ਅਹਿਸਾਸ ਹੀ ਹੈ।

ਇਥੋਂ ਦੇ ਵਾਤਾਵਰਣ ਅਤੇ ਰਹਿਣ-ਸਹਿਣ ਨੇ ਮੈਨੂੰ ਇਹ ਸਿਖਾਇਆ ਹੈ ਕਿ ਹਰ ਕੋਈ ਬਰਾਬਰ ਹੈ ਅਤੇ ਉਸਨੂੰ ਇਥੋਂ (ਅਮਰੀਕਾ) ਦੇ ਕੁਦਰਤੀ ਕਾਨੂੰਨ ਅਤੇ ਸਮਾਜਕ ਕਾਨੂੰਨ ਅਨੁਸਾਰ ਬਰਾਬਰ ਦੇ ਅਖ਼ਤਿਆਰ ਹਨ। ਮੈਂ ਸਿਰਫ਼ ਇਹੀ ਕਹਿ ਸਕਦਾ ਹਾਂ ਕਿ ਅਮਰੀਕੀ ਸਮਾਜ ਵਿਚ ਕੋਈ ਜਾਤ-ਪਾਤ ਨਹੀਂ ਹੈ। ਸੰਸਾਰ ਵਿਚ ਹਰ ਥਾਂ ਤੇ ਦੋ ਹੀ ਵਰਗ ਹਨ, ਮਰਦ ਅਤੇ ਔਰਤ। ਜੇਕਰ ਕੋਈ ਅੰਤਰ ਹੈ ਤਾਂ ਉਹ ਸਿਰਫ਼ ਅਮੀਰ ਅਤੇ ਗ਼ਰੀਬ ਦਾ ਹੈ।

ਮੇਰੇ ਮਾਤਾ-ਪਿਤਾ ਵੀ ਬੜੇ ਚੰਗੇ ਅਤੇ ਸਤਿਕਾਰਯੋਗ ਸਨ ਪਰ ਉਥੇ ਦੀ ਜਾਤ-ਪਾਤ ਦੀ ਪ੍ਰਣਾਲੀ ਕਾਰਣ ਉਨ੍ਹਾਂ ਨੂੰ ਉੱਚੀ ਜਾਤ ਦੇ ਲੋਕਾਂ ਦੁਆਰਾ ਅਣਡਿੱਠ ਕੀਤਾ ਜਾਂਦਾ ਸੀ।

No comments:

Post a Comment