ਆਸ਼ਨਾ ਰਾਜ, ਮੇਰੀ ਇਕੋ-ਇਕ ਪੋਤਰੀ, ਦਾ ਜਨਮ 21 ਮਾਰਚ, 1985 ਨੂੰ ਲੌਸ ਏਂਜਲਸ ਦੇ ਨੌਰਵਾਕ ਸ਼ਹਿਰ ਵਿਚ ਹੋਇਆ। ਉਹ ਬੜੇ ਭਾਗਾਂ ਵਾਲੀ ਜਾਣੀ ਜਾਂਦੀ ਹੈ ਕਿਉਂਕਿ ਉਸਦੇ ਜਨਮ ਤੋਂ ਬਾਅਦ, ਮੇਰੇ ਪੁੱਤਰ ਅਤੇ ਨੂੰਹ ਨੇ ਮੂਡੀ ਅਤੇ ਸਾਈਪਰਸ ਵਿਖੇ ਸਾਡੇ ਪਰਿਵਾਰ ਦੀ ਵਪਾਰਕ ਲੜੀ ਦਾ ਪਹਿਲਾ ਵੀਡੀਓ ਸਟੋਰ ਸ਼ੁਰੂ ਕੀਤਾ ਸੀ।
ਆਪਣੇ ਆਪ ਨੂੰ ਕਿਸੇ ਕੰਮ ਵਿਚ ਰੁਝਿਆਂ ਰੱਖਣ ਲਈ ਮੈਂ ਆਪਣੀ ਅੰਗ੍ਰੇਜ਼ੀ ਸੁਧਾਰਣ ਦਾ ਫ਼ੈਸਲਾ ਕੀਤਾ। ਇਕ ਦਿਨ ਮੇਰੀ ਨੂੰਹ ਦੀ ਸਹੇਲੀ ਨੀਰਾ ਮੈਨੂੰ ਲਾ-ਮਿਰਾਦਾ ਹਾਈ ਸਕੂਲ ਲੈ ਕੇ ਗਈ ਅਤੇ ਉਸਨੇ ਅੰਗ੍ਰੇਜ਼ੀ ਇਲੈਕਟ੍ਰੌਨਿਕ ਟਾਈਪਰਾਈਟਿੰਗ ਕਲਾਸ ਵਿਚ ਮੈਨੂੰ ਭਰਤੀ ਕਰਵਾ ਦਿੱਤਾ। ਅਮਰੀਕਾ ਵਿਚ ਜਿੰਨਾਂ ਚਿਰ ਅਸੀਂ ਰਹੇ, ਮੈਂ ਉਥੇ ਜਾਂਦਾ ਰਿਹਾ।
ਉਸ ਅਰਸੇ ਦੇ ਦੌਰਾਨ, ਉਸ ਸਕੂਲ ਦਾ ਸਾਲਾਨਾ ਸਮਾਗਮ ਹੋਇਆ। ਸਾਡੀ ਟੀਚਰ ਨੇ ਕਿਹਾ ਕਿ ਹਰੇਕ ਵਿਦਿਆਰਥੀ ਆਪਣੇ ਦੇਸ਼ ਦੀ ਨੁਮਾਇੰਦਗੀ ਕਰਦੀ ਪੁਸ਼ਾਕ ਪਾ ਕੇ ਸ਼ਿਰਕਤ ਕਰੇ, ਕਿਉਂਕਿ ਉਥੇ ਵਿਦਿਆਰਥੀ ਵੱਖ-ਵੱਖ ਦੇਸ਼ਾਂ ਦੇ ਸਨ। ਟੀਚਰ ਨੇ ਮੈਨੂੰ ਭਾਰਤੀ ਮਹਿਲਾ ਦੇ ਇਕ ਪਰੰਪਰਾਗਤ ਪਹਿਰਾਵੇ ਦਾ ਪ੍ਰਬੰਧ ਕਰਨ ਲਈ ਕਿਹਾ ਅਤੇ ਮੈਂ ਅਜਿਹਾ ਹੀ ਕੀਤਾ। ਮੈਂ ਆਪਣੇ ਕਪੜੇ ਪਾਏ ਅਤੇ ਮੇਰੀ ਨੂੰਹ ਨੇ ਇਕ ਹੋਰ ਮਹਿਲਾ ਵਿਦਿਆਰਥੀ (ਜੋ ਸ਼ਾਇਦ ਜਪਾਨ ਜਾਂ ਮੈਕਸਿਕੋ ਦੀ ਸੀ) ਨੂੰ “ਸਾੜੀ” ਪਹਿਨਾਈ। ਮੈਂ ਤੇ ਉਸ ਮਹਿਲਾ ਨੇ ਉਸ ਸ਼ੋਅ ਵਿਚ ਇਕੱਠਿਆਂ ਭਾਗ ਲਿਆ।
ਵੱਖ-ਵੱਖ ਮੁਲਕਾਂ ਦੇ ਵਿਦਿਆਰਥੀਆਂ ਦੇ ਇਕ ਵੱਡੇ ਗਰੁੱਪ ਨੇ ਇਕ ਗਾਣਾ (ਅਮਰੀਕੀ) ਗਾਇਆ। ਸਾਰਾ ਸਮਾਗਮ ਬਹੁਤ ਹੀ ਵਧੀਆ ਸੀ ਅਤੇ ਸਾਰੇ ਪੰਡਾਲ ਨੂੰ ਬਹੁਤ ਵਧੀਆ ਢੰਗ ਨਾਲ ਸਜਾਇਆ ਗਿਆ ਸੀ। ਹਰੇਕ ਵਿਦਿਆਰਥੀ ਨੇ ਆਪਣੇ-ਆਪਣੇ ਮੁਲਕ ਦਾ ਕੌਮੀ ਝੰਡਾ ਫੜਿਆ ਹੋਇਆ ਸੀ।
ਆਪਣੀ ਸਟੱਡੀ ਦੇ ਦੌਰਾਨ ਮੈਂ ਅੰਗ੍ਰੇਜ਼ੀ ਇਲੈਕਟ੍ਰੌਨਿਕ ਟਾਈਪਰਾਈਟਿੰਗ ਦਾ ਟੈੱਸਟ 59 ਸ਼ਬਦ ਪ੍ਰਤੀ ਮਿਨਟ ਦੀ ਸਪੀਡ ਨਾਲ ਪਾਸ ਕੀਤਾ।
ਮੈਂ ਆਪਣਾ ਸਟੱਡੀ ਕਾਲ ਦਾ ਬਹੁਤ ਆਨੰਦ ਮਾਣਿਆ ਕਿਉਂਕਿ ਉਥੋਂ ਦਾ ਸਟਾਫ਼ ਅਤੇ ਵਿਦਿਆਰਥੀ ਬਹੁਤ ਸਹਿਯੋਗ ਦੇਣ ਅਤੇ ਮਦਦ ਕਰਨ ਵਾਲੇ ਸੁਭਾਅ ਦੇ ਸਨ।
No comments:
Post a Comment