Thursday, March 3, 2011

ਮੇਰੀ ਅਤੇ ਮੇਰੀ ਧਰਮ-ਪਤਨੀ ਦੀ ਪਹਿਲੀ ਅਮਰੀਕਾ ਫੇਰੀ (1985)

ਪਰਮਾਤਮਾ ਨੇ ਸਾਨੂੰ ਜੀਵਨ ਦੇ ਸਾਰੇ ਸੁਖ ਅਤੇ ਸਹੂਲਤਾਂ ਬਖ਼ਸ਼ੀਆਂ ਹਨ ਅਤੇ ਅਜੇ ਵੀ ਉਸ ਦੀਆਂ ਬਖ਼ਸ਼ਿਸ਼ਾਂ ਦੀ ਮਿਹਰ ਜਾਰੀ ਹੈ। ਜਿਥੋਂ ਤਕ ਮੈਨੂੰ ਯਾਦ ਹੈ, ਸਾਨੂੰ ਸਾਡੇ ਜੀਵਨ ਵਿਚ ਕੋਈ ਤਕਲੀਫ਼ਾਂ (ਕੋਈ ਔਕੜਾਂ) ਦਰਪੇਸ਼ ਨਹੀਂ ਆਈਆਂ। ਜੇਕਰ ਪਰਮਾਤਮਾ ਨੇ ਕਦੇ ਕਿਸੇ ਸਮੇਂ ਸਾਨੂੰ ਕੋਈ ਤਕਲੀਫ਼ ਪੇਸ਼ ਆਉਣ ਵੀ ਦਿੱਤੀ, ਤਾਂ ਉਸ ਦੇ ਨਾਲ ਹੀ ਉਸ ਦਾ ਸਾਹਮਣਾ ਕਰਨ ਅਤੇ ਸੁਲਝਾਉਣ ਲਈ ਸਾਨੂੰ ਹਿੰਮਤ ਅਤੇ ਆਪਣੀ ਰਹਿਮਤ ਵੀ ਬਖ਼ਸ਼ੀ। ਮੈਨੂੰ ਯਕੀਨ ਹੈ ਅਤੇ ਇਹ ਨਿਸ਼ਚਾ ਹੈ ਕਿ ਪਰਮਾਤਮਾ ਸਾਨੂੰ ਸਾਰਿਆਂ ਨੂੰ ਸਾਡੀ ਭਲਾਈ, ਖ਼ੁਸ਼ਹਾਲੀ ਅਤੇ ਤਰੱਕੀ ਲਈ ਸਦਾ ਸਾਡੀਆਂ ਝੋਲੀਆਂ ਭਰਦਾ ਰਹਿੰਦਾ ਹੈ।


ਸੰਨ 1979 ਵਿਚ ਮੇਰੇ ਪੁੱਤਰ ਦੇ ਵਿਆਹ ਤੋਂ ਬਾਅਦ ਉਹ ਅਮਰੀਕਾ ਚਲੇ ਗਏ ਅਤੇ ਉਥੇ ਜਾ ਕੇ ਵਸ ਗਏ ਅਤੇ ਉਹ ਸਾਰੇ ਜੀਅ ਖ਼ੁਸ਼ੀ-ਖ਼ੁਸ਼ੀ ਆਪਣਾ ਜੀਵਨ ਬਤੀਤ ਕਰ ਰਹੇ ਹਨ। ਅਤੇ ਅਸੀਂ ਵੀ, ਇੰਡੀਆ ਆਪਣਾ ਜੀਵਨ ਆਨੰਦਪੂਰਵਕ ਬਤੀਤ ਕਰ ਰਹੇ ਸਾਂ।


ਸੰਨ 1985 ਇਕ ਬੜਾ ਇਤਿਹਾਸਕ ਸਮਾਂ ਸਾਬਤ ਹੋਇਆ ਜਦੋਂ ਮੈਂ ਤੇ ਮੇਰੀ ਧਰਮ-ਪਤਨੀ ਪਹਿਲੀ ਵਾਰ ਅਮਰੀਕਾ ਫੇਰੀ ਤੇ ਗਏ। ਉਸ ਤੋਂ ਪਹਿਲਾਂ ਮੈਂ ਕਦੇ ਨਹੀਂ ਸੀ ਸੋਚਿਆ ਕਿ ਇਕ ਦਿਨ ਅਸੀਂ ਅਮਰੀਕਾ ਜਾਵਾਂਗੇ। ਉਸ ਸਮੇਂ ਅਸੀਂ ਨੌਰ ਵਾਕ (ਲੌਸ ਏਂਜਲਸ) ਦੇ ਏਰੀਏ ਵਿਚ ਰਹਿੰਦੇ ਸੀ। ਅਸੀਂ ਉਸ ਫੇਰੀ ਦਾ ਬੜਾ ਆਨੰਦ ਮਾਣਿਆ ਅਤੇ ਉਸ ਦੌਰਾਨ ਕੈਲੀਫ਼ੋਰਨੀਆ ਸਟੇਟ ਦੇ ਬਹੁਤ ਸਾਰੇ ਮਹੱਤਵਪੂਰਣ ਸਥਾਨਾਂ ਤੇ ਗਏ। ਉਸ ਅਰਸੇ ਦੇ ਦੌਰਾਨ ਸਾਡੀ ਨੂੰਹ ਅਤੇ ਪੁੱਤਰ ਨੇ ਇਕ ਵੀਡੀਓ ਸਟੋਰ ਖੋਲ੍ਹਿਆ, ਜੋ ਕਿ ਇਕ ਵੱਡਾ ਸਟੋਰ ਸੀ।


ਉਸ ਅਰਸੇ ਦੇ ਦੌਰਾਨ ਇਕ ਹੋਰ ਸਭ ਤੋਂ ਮਹੱਤਵਪੂਰਣ ਗੱਲ ਜੋ ਹੋਈ ਉਹ ਸੀ ਪਿਟਸਬਰਗ (ਕੈਲੀਫ਼ੋਰਨੀਆ) ਵਿਖੇ ਗੁਰੂ ਰਵੀਦਾਸ ਟੈਂਪਲ ਦਾ ਉਦਘਾਟਨ ਸਮਾਰੋਹ। ਮੈਂ ਆਪਣੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨਾਲ ਇਸ ਸਮਾਰੋਹ ਵਿਚ ਸ਼ਿਰਕਤ ਕੀਤੀ (ਜੂਨ 2, 1985) ਜੋ ਕਿ ਸਾਡੇ ਲਈ ਬਹੁਤ ਰੁਮਾਂਚਕ ਘਟਨਾ ਸੀ।


ਅਸੀਂ ਆਪਣੀ ਇਸ ਫੇਰੀ ਦੇ ਦੌਰਾਨ ਇਥੇ (ਅਮਰੀਕਾ ਵਿਚ) ਕੁਝ ਮਹੀਨੇ ਰਹੇ ਅਤੇ ਉਸ ਮਗਰੋਂ ਇੰਡੀਆ ਪਰਤ ਆਏ। ਇਹ ਸਾਡੇ ਜੀਵਨ ਦਾ ਬੜਾ ਮਹੱਤਵਪੂਰਣ ਸਮਾਂ ਸੀ। ਅਸੀਂ ਆਪਣੇ ਜੀਵਨ ਵਿਚ ਬੜੀ ਵੱਡੀ ਤਬਦੀਲੀ ਅਨੁਭਵ ਕੀਤੀ ਅਤੇ ਇਸ ਫੇਰੀ ਨੇ ਤਾਂ ਜਿਵੇਂ ਮੇਰੇ ਅੰਦਰ ਗਿਆਨ ਦਾ ਇਕ ਤੀਜਾ ਨੇਤਰ ਹੀ ਖੋਲ੍ਹ ਦਿੱਤਾ ਹੋਵੇ। ਉਸ ਸਮੇਂ ਤੋਂ ਲੈ ਕੇ ਹੁਣ ਤਕ ਸਾਡੇ ਪਰਿਵਾਰ ਨੇ ਵੱਧ ਤੋਂ ਵੱਧ ਤਰੱਕੀ ਕੀਤੀ। ਇਥੇ ਮੈਂ ਆਪਣੇ ਮਨ ਅੰਦਰ ਉਭਰਦੀਆਂ ਕੁਝ ਸਤਰਾਂ ਵਿਅਕਤ ਕਰਨਾ ਚਾਹਾਂਗਾ :-


ਨੀ ਮੈਂ ਹੋ ਗਈ ਹਾਂ ਹੋਰ ਦੀ ਹੋਰ, ਨੀ ਮੈਨੂੰ ਕੌਣ ਪਛਾਣੇ।
ਹੰਸਾਂ ਦੇ ਸੰਗ ਰਹਿ-ਰਹਿ ਕੇ ਮੈਂ ਭੁੱਲ ਗਈ ਹਾਂ ਕਾਗਾਂ ਦੀ ਟੋਰ,
ਨੀ ਮੈਨੂੰ ਕੌਣ ਪਛਾਣੇ।
ਨੀ ਮੈਂ ਹੋ ਗਈ ਹਾਂ ਹੋਰ ਦੀ ਹੋਰ, ਨੀ ਮੈਨੂੰ ਕੌਣ ਪਛਾਣੇ।


ਉਸ ਫੇਰੀ ਦੇ ਦੌਰਾਨ ਮੈਂ, ਆਪਣੀ ਧਰਮ-ਪਤਨੀ ਦੇ ਨਾਲ, ਇੰਗਲੈਂਡ ਅਤੇ ਕੈਨੇਡਾ ਵੀ ਗਿਆ ਅਤੇ ਮੇਰੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਹਰ ਥਾਂ ਤੇ ਸਾਨੂੰ ਬੜਾ ਆਦਰ-ਮਾਣ ਦਿੱਤਾ ਅਤੇ ਭਰਪੂਰ ਸੁਆਗਤ ਕੀਤਾ। ਉਨ੍ਹਾਂ ਨੇ ਸਾਨੂੰ ਇਨ੍ਹਾਂ ਦੇਸ਼ਾਂ ਵਿਚਲੀਆਂ ਕਈ ਮਹੱਤਵਪੂਰਣ ਥਾਵਾਂ ਵੀ ਵਿਖਾਲੀਆਂ।

Read Online


You can read the English Version of Memoires by clicking on this Link

ਮੁੱਖਬੰਧ

ਆਪਣੇ ਜੀਵਨ ਦੇ ਵੱਖ-ਵੱਖ ਪੜਾਵਾਂ ਤੇ ਭਾਰਤ ਵਿਚ ਅਤੇ ਵਿਦੇਸ਼ਾਂ ਵਿਚ ਹੋਏ ਅਨੁਭਵਾਂ ਨੂੰ ਕਲਮਬੱਧ ਕਰਕੇ ਇਸ ਪੁਸਤਕ ਨੂੰ ਲਿਖਣ ਦਾ ਵਿਚਾਰ ਮੇਰੇ ਮਨ ਵਿਚ ਉਦੋਂ ਪੈਦਾ ਹੋਇਆ ਜਦੋਂ ਮੈਂ ਅਮਰੀਕਾ ਵਿਚ ਆਪਣੇ ਘਰ ਵਿਚ ਬੈਠਾ ਪਰਮਾਤਮਾ ਦੁਆਰਾ ਮੈਨੂੰ, ਮੇਰੀ ਧਰਮ-ਪਤਨੀ ਨੂੰ ਅਤੇ ਮੇਰੇ ਸਾਰੇ ਪਰਿਵਾਰ ਨੂੰ ਪ੍ਰਦਾਨ ਕੀਤੀਆਂ ਦਾਤਾਂ ਲਈ ਸ਼ੁਕਰਾਨਾ ਕਰ ਰਿਹਾ ਸੀ, ਅਤੇ ਇਹ ਸੋਚ ਰਿਹਾ ਸੀ ਕਿ ਦਾਤੇ ਨੇ ਸਾਡੇ ਪਰਿਵਾਰ ਦੇ ਦੋਹਾ ਧਿਰਾਂ (ਭਾਰਤ ਵਿਚ ਅਤੇ ਅਮਰੀਕਾ ਵਿਚ) ਉਹ ਸਭ ਕੁਝ ਦਿੱਤਾ ਹੋਇਆ ਹੈ ਜਿਸਦੀ ਸਾਨੂੰ ਇੱਛਾ ਸੀ।

ਮੈਂ ਆਪਣੇ ਜੀਵਨ ਵਿਚ ਇਕ ਬਹੁਤ ਛੋਟੇ ਵਿਅਕਤੀ ਤੋਂ ਇਕ ਬੜੇ ਮਾਨਤਾਯੋਗ ਅਹੁਦੇ ਤੇ ਪਹੁੰਚਿਆ, ਇਹ ਸਭ ਕੁਝ ਉਸ ਸਰਵ-ਸ਼ਕਤੀਮਾਨ ਪਰਮਾਤਮਾ ਦੀਆਂ ਬਖ਼ਸ਼ਿਸ਼ਾਂ ਸਦਕਾ ਹੀ ਹੋਇਆ। ਇਸ ਲਈ, ਇਸ ਪੁਸਤਕ ਵਿਚ, ਮੈਂ ਆਪਣੇ ਜੀਵਨ ਵਿਚਲੇ ਸੰਘਰਸ਼ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਵਿਚ ਦਰਸਾਏ ਗਏ ਸਾਰੇ ਤੱਥ ਮੇਰੇ ਜੀਵਨ ਵਿਚ ਵਾਪਰੀਆਂ ਘਟਨਾਵਾਂ ਦੀ ਹਕੀਕਤ ਹਨ ਅਤੇ ਹੋ ਸਕਦਾ ਹੈ ਇਨ੍ਹਾਂ ਨੂੰ ਪੜ੍ਹਣ ਨਾਲ ਹੋਰਨਾਂ, ਜਿਨ੍ਹਾਂ ਵਿਚ ਮੇਰੇ ਪਰਿਵਾਰ ਦੇ ਮੈਂਬਰ ਵੀ ਸ਼ਾਮਲ ਹਨ, ਨੂੰ ਪ੍ਰੇਰਣਾ ਮਿਲ ਸਕੇ। ਭਾਵੇਂ ਜੀਵਨ ਅਤੇ ਇਸਦੇ ਪੜਾਵਾਂ ਦੇ ਸਾਰੇ ਪਹਿਲੂਆਂ ਨੂੰ ਸੰਖੇਪ ਰੂਪ ਵਿਚ ਉਜਾਗਰ ਕਰਨ ਦਾ ਯਤਨ ਕੀਤਾ ਗਿਆ ਹੈ, ਪਰ ਜੋ ਕੁਝ ਪਰਮਾਤਮਾ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਦਿੱਤਾ ਹੈ, ਉਹ ਸਾਰਾ ਇਸ ਪੁਸਤਕ ਦੇ ਕੁਝ ਕੁ ਸਫ਼ਿਆਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਸਰਵ-ਸ਼ਕਤੀਮਾਨ ਪਰਮਾਤਮਾ ਦਾ ਧੰਨਵਾਦ ਕਰਨ ਤੋਂ ਇਲਾਵਾ, ਇਸ ਪੁਸਤਕ ਵਿਚ ਮੈਂ ਆਪਣੇ ਜੀਵਨ ਦੀਆਂ ਕੁਝ ਹੋਰ ਮਹੱਤਵਪੂਰਣ ਘਟਨਾਵਾਂ/ਵਾਕਿਆ ਦਾ ਵੀ ਸੰਖੇਪ ਵਿਚ ਵਰਣਨ ਕੀਤਾ ਹੈ।

ਮੈਂ ਬਹੁਤ ਹੀ ਭਾਗਸ਼ਾਲੀ ਹਾਂ ਕਿ ਉਸ ਸਰਬਵਿਆਪਕ ਪਰਮਾਤਮਾ ਨੇ ਮੇਰੀ ਹਰ ਲੋੜ ਸਬੰਧੀ ਮੇਰੀਆਂ ਅਰਦਾਸਾਂ ਨੂੰ ਸਦਾ ਕਬੂਲ ਕੀਤਾ। ਹੇ ਮੇਰੇ ਈਸ਼ਵਰ ਸਾਨੂੰ ਸ਼ਕਤੀ ਦੇ ਕਿ ਅਸੀਂ ਹਰ ਸਮੇਂ ਤੈਨੂੰ ਯਾਦ ਰੱਖੀਏ।

ਮੈਂ ਦੋਵੇਂ ਹੱਥ ਜੋੜ ਕੇ ਆਪਣੇ ਸਤਿਕਾਰਯੋਗ ਪਿਤਾ ਜੀ ਅਤੇ ਮਾਤਾ ਜੀ ਲਈ ਅਰਦਾਸ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਜੀਵਨ ਦੇ ਹਰ ਪੜਾਅ ਤੇ ਮੈਨੂੰ ਸਾਥ ਦਿੱਤਾ ਅਤੇ ਮੇਰੀ ਰਹਿਨੁਮਾਈ ਕੀਤੀ, ਜਿਸਦੇ ਸਿੱਟੇ ਵਜੋਂ ਮੈਂ ਇਕ ਖ਼ੁਸ਼ੀ ਭਰਪੂਰ ਜੀਵਨ ਬਤੀਤ ਕਰ ਸਕਿਆ। ਭਾਵੇਂ ਮੇਰੇ ਮਾਤਾ ਅਤੇ ਪਿਤਾ ਦੋਵੇਂ ਗੁਜ਼ਰ ਚੁਕੇ ਹਨ ਪਰ ਉਹ ਸਦਾ ਮੇਰੇ ਹਿਰਦੇ ਵਿਚ ਨਿਵਾਸ ਕਰਦੇ ਹਨ।

ਪ੍ਰਸ਼ੰਸਾ ਅਤੇ ਧੰਨਵਾਦ

ਲਿਖਤੀ ਦਸਤਾਵੇਜ਼, ਅਣ-ਲਿਖਤ ਜਾਂ ਅਣ-ਛਪੇ ਲਫ਼ਜ਼ਾਂ, ਜੋ ਥੋੜ੍ਹ-ਕਾਲੀ ਹੁੰਦੇ ਹਨ, ਦੇ ਮੁਕਾਬਲੇ, ਨਵੀਂ ਪੀੜ੍ਹੀ ਲਈ ਸਦਾ ਲਈ ਇਕ ਸਥਾਈ ਰਿਕਾਰਡ ਹੁੰਦੇ ਹਨ। ਇਸਲਈ, ਮੈਂ ਚਾਹੁੰਦਾ ਸਾਂ ਕਿ ਮੈਂ ਆਪਣੇ ਜੀਵਨ ਦੇ ਉਨ੍ਹਾਂ ਤਜਰਬਿਆਂ, ਜੋ ਕਿ ਮੇਰੇ ਦੁਆਰਾ ਹੱਥ ਨਾਲ ਲਿਖੇ ਗਏ ਸਨ ਅਤੇ ਬੇਤਰਤੀਬੇ ਸਨ, ਇਕ ਸੁਚੱਜੇ ਅਤੇ ਸੁਹਣੇ ਢੰਗ ਨਾਲ ਕਿਤਾਬ ਦੇ ਰੂਪ ਵਿਚ ਪੇਸ਼ ਕਰ ਸਕਾਂ। ਚੰਡੀਗੜ੍ਹ ਵਿਚ ਅਤੇ ਇਸਦੇ ਆਸ-ਪਾਸ ਕਈ ਬਹੁਤ ਪੜ੍ਹੇ-ਲਿਖੇ ਅਤੇ ਪ੍ਰਬੰਧਕੀ ਤਜਰਬੇ ਵਾਲੇ ਵਿਅਕਤੀ ਸਨ। ਪਰ ਕਾਫ਼ੀ ਸੋਚ-ਵਿਚਾਰ ਤੋਂ ਬਾਅਦ ਮੈਂ ਫ਼ੈਸਲਾ ਕੀਤਾ ਕਿ ਮੈਂ ਡਾ. ਸੋਢੀ ਰਾਮ, ਸਾਬਕਾ ਕੰਟ੍ਰੋਲਰ ਆਫ਼ ਐਗਜ਼ਾਮੀਨੇਸ਼ਨਜ਼, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੂੰ ਬੇਨਤੀ ਕਰਾਂ ਕਿ ਉਹ ਮੇਰੀ ਸਵੈਜੀਵਨੀ ਤਿਆਰ ਕਰਨ ਦੀ ਮੇਰੀ ਅਭੀਲਾਸ਼ਾ ਨੂੰ ਪੂਰਾ ਕਰਨ ਵਿਚ ਆਪਣੀ ਮਦਦ ਅਤੇ ਤਜਰਬੇਕਾਰ ਅਗਵਾਈ ਪ੍ਰਦਾਨ ਕਰਨ। ਇਸ ਲਈ, ਮੈਂ ਉਨ੍ਹਾਂ ਨੂੰ ਮਦਦ ਲਈ ਬੇਨਤੀ ਕੀਤੀ ਅਤੇ ਕੁਝ ਸਮਾਂ ਬਾਅਦ, ਉਨ੍ਹਾਂ ਨੇ ਕੁਝ ਹਿਚਕਚਾਹਟ ਤੋਂ ਬਾਅਦ ਕੇਵਲ ਆਦਰ ਸਦਕਾ ਮੇਰੀ ਮਦਦ ਕਰਨੀ ਸਵੀਕਾਰ ਕੀਤੀ, ਅਤੇ ਆਪਣੇ ਰੁਝੇਵਿਆਂ ਭਰੇ ਸ਼ਡਿਯੂਲ’ਚੋਂ ਕੁਝ ਸਮਾਂ ਇਸ ਕਾਰਜ ਲਈ ਕੱਢਿਆ।

ਉਨ੍ਹਾਂ ਨੇ ਜੋ ਵੀ ਮੈਂ ਕਿਹਾ/ਇੱਛਾ ਦਰਸਾਈ ਉਸਨੂੰ ਲਿੱਖਿਆ/ਕੱਟਿਆ ਅਤੇ ਮੇਰੇ ਖਰੜੇ ਨੂੰ ਸੁਧਾਰ ਕੇ ਅਤੇ ਉਨ੍ਹਾਂ ਦਾ ਨਵਰੂਪਨ ਕਰਕੇ ਮੇਰੇ ਵਿਚਾਰਾਂ ਨੂੰ ਇਕ ਸਹੀ ਸਵਰੂਪ ਦਿੱਦਾ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਨਾਲ ਸਹੀ ਢੰਗ ਵਿਚ ਤਰਤੀਬ ਨਾਲ ਪਰੋਇਆ ਕਿ ਉਹ ਪੜ੍ਹੇ ਜਾ ਸਕਣ ਅਤੇ ਗ੍ਰਹਿਣ ਕੀਤੇ ਜਾ ਸਕਣ। ਇਸ ਲਈ, ਮੇਰਾ ਇਹ ਨੈਤਿਕ ਫ਼ਰਜ਼ ਬਣਦਾ ਹੈ ਕਿ ਮੈਂ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਾਂ। ਮੈਂ ਡਾ.ਸੋਢੀ ਰਾਮ, ਸਾਬਕਾ ਕੰਟ੍ਰੋਲਰ ਆਫ਼ ਐਗਜ਼ਾਮੀਨੇਸ਼ਨਜ਼, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਦਾ ਦਿਲੋਂ ਰਿਣੀ ਹਾਂ, ਨਾ ਕੇਵਲ ਉਨ੍ਹਾਂ ਦੇ ਪ੍ਰੋਤਸਾਹਨ ਵਾਲੇ ਰਵੱਈਏ ਲਈ, ਪਰ ਇਸ ਲਈ ਵੀ ਕਿ ਉਨ੍ਹਾਂ ਨੇ ਮੇਰੇ ਦੁਆਰਾ ਲਿਖੇ ਗਏ ਖ਼ਰੜੇ ਅਤੇ ਹੱਥਲਿਖਤਾਂ ਨੂੰ ਅਜਿਹੇ ਸਹੁਣੇ ਢੰਗ ਨਾਲ ਤਰਤੀਬ ਦਿੱਤੀ ਕਿ ਉਹ ਇਸ ਕਿਤਾਬ ਦਾ ਰੂਪ ਅਖ਼ਤਿਆਰ ਕਰ ਸਕਣ। ਇਸ ਲਈ, ਉਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿਚੋਂ ਜੋ ਸਮਾਂ ਕੱਢਿਆ ਉਸ ਲਈ ਵੀ ਮੈਂ ਉਨ੍ਹਾਂ ਦਾ ਸ਼ੁਕਰਗੁਜ਼ਾਰ ਹਾਂ। ਇਹ ਅਤਿਕਥਨੀ ਨਹੀਂ ਹੋਵੇਗੀ, ਪਰ ਇਹ ਹਕੀਕਤ ਹੈ, ਕਿ ਉਨ੍ਹਾਂ ਦੀ ਬਿਹਤਰੀਨ ਅਤੇ ਜ਼ਹੀਨ ਅਕਾਦਮਿਕ ਮਦਦ ਤੋਂ ਬਿਨਾਂ ਇਸ ਕਿਤਾਬ ਦਾ ਤੁਹਾਡੇ ਹੱਥਾਂ ਵਿਚ ਹੋਣਾ ਸੰਭਵ ਨਹੀਂ ਸੀ। ਉਨ੍ਹਾਂ ਦੀ ਧਰਮ-ਪਤਨੀ ਸੁਰਿੰਦਰ ਕੌਰ, ਜਿਨ੍ਹਾਂ ਦਾ ਸੁਭਾਅ ਬੜਾ ਚੰਗਾ ਹੈ, ਅਤੇ ਉਹ ਰੱਬ ਦੇ ਖ਼ੌਫ਼ ਵਾਲੇ ਅਤੇ ਬਹੁਤ ਮਿਲਣਸਾਰ ਹਨ, ਦੁਆਰਾ ਕੀਤੀ ਗਈ ਪ੍ਰਾਹੁਣਚਾਰੀ ਲਈ ਉਨ੍ਹਾਂ ਦੀ ਵੀ ਤਾਰੀਫ਼ ਕਰਨਾ ਬਣਦਾ ਹੈ।

ਮੈਂ ਆਪਣੇ ਮਾਤਾ-ਪਿਤਾ ਦਾ ਬੇਅੰਤ ਧਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਆਪਣੀ ਪੜ੍ਹਾਈ ਕਰਨ ਲਈ ਆਗਿਆ ਦਿੱਤੀ ਅਤੇ ਮੇਰਾ ਸਮੱਰਥਨ ਕੀਤਾ, ਅਤੇ ਨਾਲ ਹੀ ਮੇਰੀ ਸਫ਼ਲਤਾ ਲਈ ਮੈਨੂੰ ਹਰ ਕਿਸਮ ਦਾ ਮਾਰਗ-ਦਰਸ਼ਨ ਅਤੇ ਸਹਾਇਤਾ ਕੀਤੀ। ਮੈਂ ਆਪਣੀ ਧਰਮ-ਪਤਨੀ ਸ਼੍ਰੀਮਤੀ ਪ੍ਰੀਤਮ ਕੌਰ ਦਾ ਵੀ ਧਨਵਾਦੀ ਹਾਂ, ਜਿਨ੍ਹਾਂ ਨੇ ਮੇਰੇ ਜੀਵਨ ਦੇ ਹਰ ਪੜਾਅ ਤੇ ਮੇਰੀ ਮਦਦ ਕੀਤੀ ਅਤੇ ਮੇਰੇ ਮੋਢੇ ਨਾਲ ਮੋਢਾ ਜੋੜਿਆ। ਉਹ ਇਕ ਬੜੇ ਸਹੁਣੇ, ਵਫ਼ਾਦਾਰ ਅਤੇ ਸਾਫ਼-ਹਿਰਦੇ ਵਾਲੀ ਔਰਤ ਹਨ ਅਤੇ ਮੇਰੇ ਪਾਸ ਉਨ੍ਹਾਂ ਦੀ ਤਾਰੀਫ਼ ਕਰਨ ਲਈ ਅਲਫ਼ਾਜ਼ ਨਹੀਂ ਹਨ। ਮੈਂ ਇਸ ਪੜਾਅ ਤਕ ਸਿਰਫ਼ ਉਨ੍ਹਾਂ ਦੇ ਚੰਗੇ ਅਤੇ ਪ੍ਰਸੰਸਾਯੋਗ ਸਾਥ ਕਾਰਣ ਹੀ ਪਹੁੰਚ ਸਕਿਆ ਹਾਂ।

ਮੈਂ ਆਪਣੇ ਬੱਚਿਆਂ, ਖ਼ਾਸ ਕਰਕੇ ਦੇਵ-ਅੱਬਾ, ਜੋ ਯੂ.ਐਸ.ਏ. ਵਿਚ ਰਹਿੰਦੇ ਹਨ, ਅਤੇ ਚਮਨ-ਊਸ਼ਾ ਅਤੇ ਡਾ. ਸੋਹਣ ਲਾਲ-ਨਿਰਮਲਜੀਤ (ਗੋਗੀ), ਜੋ ਇੰਡੀਆ ਵਿਚ ਹਨ, ਜਿਨ੍ਹਾਂ ਨੇ ਮੈਨੂੰ ਅਤੇ ਮੇਰੀ ਧਰਮ-ਪਤਨੀ ਨੂੰ ਪੂਰਾ ਆਦਰ/ਸਤਿਕਾਰ ਦਿੱਤਾ ਹੈ ਅਤੇ ਹਰ ਕਿਸਮ ਦੀ ਮਦਦ ਕੀਤੀ ਹੈ, ਦਾ ਬੜਾ ਧਨਵਾਦੀ ਹਾਂ।

ਮੈਂ ਆਪਣੇ ਸਹੁਰਾ ਸਾਹਿਬ ਅਤੇ ਸੱਸ ਸਾਹਿਬਾ ਅਤੇ ਉਨ੍ਹਾਂ ਦੇ ਬੱਚਿਆਂ/ਅਤੇ ਪੋਤਰਿਆਂ/ਪੋਤਰੀਆਂ ਅਤੇ ਦੋਹਤਰਿਆਂ/ਦੋਹਤਰੀਆਂ ਦਾ ਵੀ ਧਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਪਿਆਰ/ਸਮੱਰਥਨ ਦਿੱਤਾ ਅਤੇ ਸਾਨੂੰ ਪੂਰਾ ਆਦਰ ਅਤੇ ਸਹਿਯੋਗ ਦਿੱਤਾ। ਉਨ੍ਹਾਂ ਦਾ ਆਦਰ ਸਤਿਕਾਰ ਅਜੇ ਵੀ ਉਸੇ ਤਰ੍ਹਾਂ ਬਰਕਰਾਰ ਹੈ।

ਸ਼੍ਰੀ ਆਤਮਾ ਸਿੰਘ ਕੈਰੋਂ, ਸੁਪਰਡੰਟ (ਰਿਟਾਇਰਡ) ਅਤੇ ਸ਼੍ਰੀ ਤਾਰਾ ਸਿੰਘ, ਡਿਪਟੀ ਸੈਕਟਰੀ (ਰਿਟਾਇਰਡ), ਪੰਜਾਬ ਵਿਧਾਨ ਸਭਾ, ਚੰਡੀਗੜ੍ਹ, ਵੀ ਵਿਧਾਨ ਸਭਾ ਵਿਚ ਮੇਰੇ ਸੇਵਾ-ਕਾਲ ਦੇ ਦੌਰਾਨ ਅਤੇ ਉਸ ਤੋਂ ਬਾਅਦ ਵੀ ਸਮੇਂ-ਸਮੇਂ ਤੇ ਦਿੱਤੀ ਗਈ ਬਹੁਮੁੱਲੀ ਸਹਾਇਤਾ ਅਤੇ ਮਾਰਗ-ਦਰਸ਼ਨ ਲਈ ਮੇਰੇ ਵਿਸ਼ੇਸ਼ ਧਨਵਾਦ ਦੇ ਪਾਤਰ ਹਨ। ਮੈਂ ਸ਼੍ਰੀ ਗੁਰਮੀਤ ਚੰਦ ਸੜੋਆ, ਅੰਡਰ ਸੈਕਟਰੀ (ਰਿਟਾਇਰਡ), ਪੰਜਾਬ ਸਰਕਾਰ; ਰਘਬੀਰ ਸਿੰਘ ਢਿੱਲੋਂ, ਸਾਬਕਾ ਓ.ਐਸ.ਡੀ., ਯੋਜਨਾ ਵਿਭਾਗ, ਪੰਜਾਬ; ਤਰਸੇਮ ਲਾਲ ਹੀਰ, ਸੁਪਰਡੰਟ (ਰਿਟਾਇਰਡ), ਸਿੰਜਾਈ ਵਿਭਾਗ, ਪੰਜਾਬ; ਐਚ.ਐਲ. ਜੱਸੀ, ਮੈਨੇਜਰ, ਸੈਂਟ੍ਰਲ ਬੈਂਕ ਆਫ਼ ਇੰਡੀਆ; ਬੂਟਾ ਰਾਮ (ਯੂ.ਐਸ.ਏ.) ਅਤੇ ਇੰਡੀਆ ਅਤੇ ਵਿਦੇਸ਼ ਵਿਚ ਆਪਣੇ ਸਾਰੇ ਨਿਕਟ ਸਬੰਧੀਆਂ ਦਾ, ਉਨ੍ਹਾਂ ਦੁਆਰਾ ਸਮੇਂ-ਸਮੇਂ ਤੇ ਮਦਦ, ਸਹਿਯੋਗ ਅਤੇ ਬਹੁਮੁੱਲੇ ਮਾਰਗ-ਦਰਸ਼ਨ ਲਈ ਧਨਵਾਦੀ ਹਾਂ। ਇਸ ਸਬੰਧੀ ਮੈਂ ਵਿਸ਼ੇਸ਼ ਤੌਰ ਤੇ ਨਾਂ ਲਵਾਂਗਾ ਬਿਸ਼ਨ ਦੱਤ – ਦਰਸ਼ਨਾ (ਯੂ.ਐਸ.ਏ.), ਬਲਦੇਵ ਮਸਤਾਨਾ (ਯੂ.ਕੇ.) ਅਤੇ ਪਰਮਜੀਤ ਭੁੱਟਾ, ਕੇਵਲ ਬੋਲੀਨਾ ਅਤੇ ਪ੍ਰੇਮ ਕੁਮਾਰ ਚੁੰਬਰ (ਯੂ.ਐਸ.ਏ.)। ਮੈਂ ਸ਼੍ਰੀ ਹਰਨਾਮ ਸਿੰਘ ਸਪੁੱਤਰ ਚੌਧਰੀ ਦਸੌਂਧਾ ਸਿੰਘ, ਸਾਬਕਾ ਐਮ.ਐਲ.ਏ. ਅਤੇ ਸ਼੍ਰੀ ਮਹਿੰਗਾ ਰਾਮ ਸੂੰਢ, ਜੋ ਕਿ PUNSGOVA, UK ਦੇ ਕ੍ਰਮਵਾਰ ਪ੍ਰੈਜ਼ੀਡੈਂਟ ਅਤੇ ਸੈਕਟਰੀ ਹਨ, ਦਾ ਵੀ ਉਨ੍ਹਾਂ ਦੁਆਰਾ ਨਾ ਕੇਵਲ ਦਿੱਤੇ ਗਏ ਆਦਰ ਅਤੇ ਸਤਿਕਾਰ ਲਈ ਸੱਚੇ ਦਿਲੋਂ ਧਨਵਾਦੀ ਹਾਂ, ਬਲਕਿ ਇਸ ਲਈ ਵੀ ਕਿ ਜੋ ਉਹ ਪੰਜਾਬ ਵਿਚ ਵਸਦੇ ਆਪਣੇ ਪੁਸ਼ਤੈਨੀ ਪਿੰਡਾਂ ਦੇ ਲੋਕਾਂ ਦੀ ਬੇਲਾਗ ਸੇਵਾ ਕਰ ਰਹੇ ਹਨ, ਉਹ ਸਲਾਹੁਣਯੋਗ ਹੈ। ਮੈਂ ਆਪਣੇ ਪੁਸ਼ਤੈਨੀ ਪਿੰਡ ਸ਼ੇਰਗੜ੍ਹ ਦੇ ਵਾਸੀਆਂ ਦਾ ਸਦਾ ਰਿਣੀ ਹਾਂ ਜਿਨ੍ਹਾਂ ਨੇ ਸਦਾ ਮੈਨੂੰ ਜੀਵਨ ਵਿਚ ਚੰਗੀਆਂ ਗੱਲਾਂ ਸਿੱਖਣ ਲਈ ਮੇਰਾ ਮਾਰਗ-ਦਰਸ਼ਨ ਕੀਤਾ। ਮੈਂ ਆਪਣੀ ਇੰਸਟੀਚਿਊਸ਼ਨ, ਭਾਵ ਪੰਜਾਬ ਵਿਧਾਨ ਸਭਾ ਸਕੱਤਰੇਤ, ਜਿਸਨੇ ਮੈਨੂੰ ਆਪਣੇ ਅਤੇ ਆਪਣੇ ਪਰਿਵਾਰ ਦਾ ਜੀਵਨ ਬਣਾਉਣ ਵਿਚ ਮਦਦ ਕੀਤੀ, ਤੋਂ ਬਹੁਤ ਕੁਝ ਸਿੱਖਿਆ। ਮੈਂ ਉਸ ਸੰਸਥਾ ਦਾ ਵੀ ਬਹੁਤ ਰਿਣੀ ਹਾਂ।

ਯੂ.ਐਸ.ਏ. ਦੇ ਸ. ਦਵਿੰਦਰ ਸਿੰਘ ਝਾਵਰ ਨੇ (ਮੇਰੀ ਮਾਰਫ਼ਤ) ਪੰਜਾਬ ਦੇ ਲੋੜਵੰਦ ਅਤੇ ਗ਼ਰੀਬ ਵਿਅਕਤੀਆਂ ਦੀ ਮਦਦ ਲਈ ਵੱਡੀ ਰਕਮ ਦਾ ਦਾਨ ਦਿੱਤਾ ਅਤੇ ਸ਼੍ਰੀ ਸੋਢੀ ਰਾਮ ਅਤੇ ਉਨ੍ਹਾਂ ਦੇ ਮਿੱਤਰਾਂ ਨੇ ਬਰਾਦਰੀ ਦੀਆਂ ਗ਼ਰੀਬ ਅਤੇ ਲੋੜਵੰਦ ਕੁੜੀਆਂ ਲਈ ਕੰਪਿਯੂਟਰ ਖ਼ਰੀਦਣ ਲਈ ਵੱਡੀ ਰਕਮ ਦਾਨ ਕੀਤੀ। ਮੈਂ ਉਨ੍ਹਾਂ ਦੀ ਸਲਾਹੁਤਾ ਕਰਦਾ ਹਾਂ ਅਤੇ ਉਨ੍ਹਾਂ ਦੁਆਰਾ ਦਿਲ-ਖੋਲ੍ਹ ਕੇ ਦਿੱਤੀ ਰਕਮ ਲਈ ਉਨ੍ਹਾਂ ਦਾ ਧਨਵਾਦੀ ਹਾਂ।

ਮੈਂ ਅਮਰਜੀਤ ਸਿੰਘ ਢਿੱਲੋਂ, ਜੋ ਕੈਲੀਫ਼ੋਰਨੀਆ ਵਿਚ ਓਰੈਂਜੀਥਰੌਪ ਵਿਖੇ ਗੁਰੂ ਨਾਨਕ ਸਿੱਖ ਟੈਂਪਲ ਆਫ਼ ਯੂ.ਐਸ.ਏ. ਦੇ ਸਾਬਕਾ ਪ੍ਰਧਾਨ ਹਨ, ਦਾ ਧਨਵਾਦ ਕਰਦਾ ਹਾਂ; ਕਿਉਂਕਿ ਮੈਂ ਸਮਝਦਾ ਹਾਂ ਕਿ ਉਨ੍ਹਾਂ ਨਾਲ ਹੀ ਸ਼ੁਰੂ-ਸ਼ੁਰੂ ਵਿੱਚ ਵਿਚਾਰ ਸਾਂਝੇ ਕਰਦਿਆਂ ਮੈਂ ਅਮਰੀਕਾ ਵਿਚ ਰਹਿਣ ਸਬੰਧੀ ਆਪਣਾ ਇਰਾਦਾ ਬਣਾਇਆ ਸੀ।

ਮੈਂ ਵਿਦੇਸ਼ਾਂ ਵਿਚ ਅਤੇ ਇੰਡੀਆ ਵਿਚ ਸਥਿਤ ਧਾਰਮਕ ਸਥਾਨਾਂ ਦੀ ਸਾਧ-ਸੰਗਤ ਦਾ ਵਿਸ਼ੇਸ਼ ਤੌਰ ਤੇ ਧਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਅਤੇ ਅਜਿਹੀਆਂ ਥਾਵਾਂ ਤੇ ਰਹਿਣ-ਸਹਿਣ ਦੀ ਜਾਚ ਸਖਾਈ ਜੋ ਸਾਡੀ ਮੂਲ ਜਨਮ-ਭੂਮੀ ਨਹੀਂ ਹਨ। ਮੈਂ ਉਨ੍ਹਾਂ ਪਾਸੋਂ ਬੜੀਆਂ ਗੱਲਾਂ ਸਿੱਖੀਆਂ।

ਮੇਰਾ ਹਰਿਬੰਸ ਘਿਰਾ, ਗੁਰਮੇਜ ਲਾਲ ਚੰਬਾ ਅਤੇ ਜੈ ਬਿਰਦੀ ਕਲ (ਜੋ ਕੈਨੇਡਾ ਵਿਚ ਵਸ ਰਹੇ ਹਨ) ਦਾ ਉਨ੍ਹਾਂ ਦੇ ਨਿੱਘੇ ਪਿਆਰ-ਭਿੱਜੇ ਸਹਿਯੋਗ, ਮਦਦ ਅਤੇ ਸਤਿਕਾਰ ਲਈ ਜੋ ਉਨ੍ਹਾਂ ਨੇ ਸਦਾ ਮੈਨੂੰ ਦਿੱਤਾ, ਲਈ ਦਿਲੋਂ ਧਨਵਾਦ।

ਮੈਂ ਬ੍ਰੇਲ ਇੰਸਟੀਚਿਯੂਟ, ਓਰੈਂਜ ਕਾਊਂਟੀ, ਕੈਲੀਫ਼ੋਰਨੀਆ, ਜਿਥੇ ਮੈਂ ਵੱਖ-ਵੱਖ ਵਿਸ਼ਿਆਂ ਤੇ ਤਕਰੀਬਨ ਇਕ ਦਹਾਕੇ ਲਈ (ਕੁਝ ਵਕਫ਼ੇ ਪਾ ਕੇ) ਕਲਾਸਾਂ ਅਟੈਂਡ ਕਰਦਾ ਰਿਹਾ, ਦਾ ਵੀ ਸਤਿਕਾਰ ਨਾਲ ਧਨਵਾਦ ਕਰਦਾ ਹਾਂ। ਸਾਰੇ ਸਟਾਫ਼ ਮੈਂਬਰ, ਖ਼ਾਸ ਕਰਕੇ ਸ਼੍ਰੀਮਤੀ ਨੈਂਸੀ ਹਂੈਡਰਿਕਸਨ, ਜੋ ਮੇਰੇ ਪ੍ਰਤੀ ਬੜੀ ਕ੍ਰਿਪਾਲੂ ਸੀ, ਬਹੁਤ ਲਾਇਕ, ਕਾਬਲ ਅਤੇ ਸਮਰੱਥ ਸਨ। ਪਰ, ਸੈਮੁਅਲ ਐਕਸ, ਜੋ ਸਾਰੇ ਵਿਸ਼ਿਆਂ ਵਿਚ ਬੜਾ ਕਾਬਲ ਟੀਚਰ ਸੀ ਅਜੇ ਵੀ ਮੈਨੂੰ ਬੜਾ ਸਨੇਹ ਕਰਦਾ ਹੈ ਅਤੇ ਉਹ ਮੇਰਾ ਮਿੱਤਰ ਵੀ ਹੈ।

ਮੈਂ ਜੇਅਨ-ਮਰੀ ਗਾਰਲੈਂਡ (ਯੂ.ਐਸ.ਏ.), ਜੋ ਮੇਰੀ ਸੈਕਿੰਡ ਲੈਂਗੁਏਜ ਇੰਗਲਿਸ਼ ਦੀ ਸਾਬਕਾ ਟੀਚਰ ਸੀ, ਦਾ ਵੀ ਧਨਵਾਦੀ ਹਾਂ, ਕਿਉਂਜੋ ਉਸਨੇ ਮੇਰੇ ਅੰਦਰ ਇਕ ਪਿਤਾ ਦੇ ਸਨੇਹ ਨੂੰ ਭਾਰਤ ਵਿਚ ਵਸਦੀ ਆਪਣੀ ਧੀ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ।

ਮੈਂ ਬਲਜੀਤ ਕੈੱਨ ਦਾ ਵੀ ਧਨਵਾਦੀ ਹਾਂ, ਜਿਸਨੇ ਮੇਰੇ ਅੰਦਰ ਸਕਾਰਾਤਮਕ (ਪਾਜ਼ੀਟਿਵ) ਸੋਚ ਦੀ ਭਾਵਨਾ ਉਪਜਾਈ।

ਮੈਂ ਪਰਮਿੰਦਰ ਸਿੰਘ ਸੰਧੂ (ਮੁਹਾਲੀ) ਅਤੇ ਅਸਲਾਮਾਬਾਦ, ਹੁਸ਼ਿਆਰਪੁਰ (ਪੰਜਾਬ) ਦੇ ਪਰਸ਼ੋਤਮ ਕੁਮਾਰ ਹੀਰ ਦਾ ਵੀ ਧਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਆਟੋ-ਰਿਕਸ਼ਾ ਸਦਾ ਮੇਰੇ ਲਈ ਮੁਹੱਈਆ ਕਰਵਾ ਕੇ ਮੇਰਾ ਇਕ ਥਾਂ ਤੋਂ ਦੂਜੀ ਥਾਂ ਜਾਣਾ ਸਹਿਜਾ, ਸੁਖਾਲਾ ਅਤੇ ਕਿਸੇ ਕਿਸਮ ਦੀ ਤਕਲੀਫ਼-ਰਹਿਤ ਬਣਾਇਆ।

ਇਹ ਪੁਸਤਕ, ਅੱਜ ਮਿਤੀ 18 ਫ਼ਰਵਰੀ, 2011, ਨੂੰ ਰਿਲੀਜ਼ ਕਰਦਿਆਂ ਮੈਨੂੰ ਬੜੀ ਪ੍ਰਸੰਤਾ ਹੋ ਰਹੀ ਹੈ ਕਿਉਂਕਿ ਅੱਜ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦਾ 634ਵਾਂ ਜਨਮ ਦਿਵਸ ਵੀ ਹੈ।

18 ਫ਼ਰਵਰੀ, 2011

ਗੁਰਬਚਨ ਚੰਦ (ਐਨ.ਆਰ.ਆਈ.)
011 (91) 987 276 3501
ਮਕਾਨ ਨੰ: 533, ਫ਼ੇਜ਼ 2, (ਸੈਕਟਰ 54),
ਐਸ.ਏ.ਐਸ. ਨਗਰ (ਮੁਹਾਲੀ) – 160 055. ਪੰਜਾਬ, ਇੰਡੀਆ।

ਜਨਮ, ਬਚਪਨ ਅਤੇ ਵਿਦਿਆ

ਮੇਰਾ ਜਨਮ ਪੰਜਾਬ ਦੇ ਤਹਿਸੀਲ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਇਕ ਛੋਟੇ ਜਿਹੇ ਪਿੰਡ ਸ਼ੇਰਗੜ੍ਹ ਵਿਖੇ ਹੋਇਆ। ਸਕੂਲ ਦੇ ਰਿਕਾਰਡ ਮੁਤਾਬਕ ਮੇਰੀ ਜਨਮ ਤਰੀਕ 20 ਜਨਵਰੀ, 1937 ਹੈ। ਮੇਰੇ ਮਾਤਾ-ਪਿਤਾ ਗ਼ਰੀਬ ਸਨ ਅਤੇ ਭਾਰਤ ਦੀ ਜਾਤ ਪ੍ਰਣਾਲੀ ਅਨੁਸਾਰ ਇਕ ਨੀਵੀਂ ਜਾਤੀ ਨਾਲ ਸਬੰਧ ਰਖਦੇ ਸਨ।

ਆਪਣੇ ਮਾਤਾ ਅਤੇ ਪਿਤਾ ਜੀ ਦੀਆਂ ਅਸੀਸਾਂ ਅਤੇ ਕਿਰਪਾ ਸਦਕਾ ਅਤੇ ਆਪਣੇ ਭਰਾਵਾਂ ਅਤੇ ਭੈਣਾਂ, ਭਰਜਾਈਆਂ ਅਤੇ ਹੋਰਨਾਂ ਦੀ ਮਦਦ ਨਾਲ, ਮੈਂ 1953 ਵਿਚ ਦਸਵੀਂ ਦੀ ਪ੍ਰੀਖਿਆ ਅਤੇ 1964 ਵਿਚ ਪ੍ਰੀ-ਯੂਨੀਵਰਸਿਟੀ ਦੀ ਪ੍ਰੀਖਿਆ ਪਾਸ ਕੀਤੀ।

ਅਸੀਂ ਆਪਣਾ ਪੂਰਾ ਤਾਣ ਲਾਇਆ ਕਿ ਕੋਈ ਨੌਕਰੀ ਮਿਲ ਜਾਵੇ ਪਰ ਗ਼ਰੀਬ ਹੋਣ ਕਰਕੇ ਅਤੇ ਕੋਈ ਚੰਗੀ ਪਹੁੰਚ (ਸਿਫ਼ਾਰਸ਼) ਨਾ ਹੋਣ ਕਰਕੇ, ਅਤੇ ਘੱਟ ਪੜ੍ਹਾਈ ਦੀ ਵਜ੍ਹਾ ਕਰਕੇ, ਨੌਕਰੀ ਮਿਲਣ ਵਿਚ ਕਾਫ਼ੀ ਸਮਾਂ ਲਗ ਗਿਆ। ਸਭ ਤੋਂ ਪਹਿਲਾਂ ਮੇਰੀ ਪੰਜਾਬ ਦੇ ਸਿੰਜਾਈ ਵਿਭਾਗ ਵਿਚ ਇਕ ਸਹਾਇਕ ਕਲਰਕ ਦੀ ਆਸਾਮੀ ਤੇ ਆਰਜ਼ੀ ਤੌਰ ਤੇ ਨਿਯੁਕਤੀ ਹੋਈ। ਮੇਰੀ ਨੌਕਰੀ ਮਿਲਣ ਤੋਂ ਪਹਿਲਾਂ ਸਾਡੇ ਪਰਿਵਾਰ ਦੇ ਹਾਲਾਤ ਇੰਨੇ ਮਾੜੇ ਸਨ ਕਿ ਸਾਡੇ ਕੋਲ ਕੋਈ ਵੀ ਪੈਸਾ ਨਹੀਂ ਸੀ ਅਤੇ ਨਾ ਹੀ ਜੀਵਨ ਬਸਰ ਕਰਨ ਦੀਆਂ ਹੋਰ ਵਸਤਾਂ ਆਦਿ ਹੀ। ਉਸ ਵੇਲੇ ਸਾਡੇ ਪਰਿਵਾਰ ਵਿਚ ਚਾਰ ਮੈਂਬਰ ਸਨ, ਭਾਵ ਮੇਰੇ ਮਾਤਾ ਜੀ, ਮੈਂ, ਮੇਰੀ ਧਰਮ-ਪਤਨੀ ਅਤੇ ਮੇਰਾ ਵੱਡਾ ਪੁੱਤਰ (ਦੇਵ ਰਾਜ), ਕਿਉਂਕਿ ਮੇਰੇ ਪਿਤਾ ਜੀ ਜਦੋਂ ਮੈਂ ਸਕੂਲ ਵਿਚ ਪੜ੍ਹ ਰਿਹਾ ਸੀ, ਅਕਾਲ-ਚਲਾਣਾ ਕਰ ਗਏ ਸਨ। ਉਨ੍ਹਾਂ ਦਿਨਾਂ ਵਿਚ ਸਾਡੇ ਲਈ ਬੜੀਆਂ ਔਕੜਾਂ ਦਰਪੇਸ਼ ਸਨ।