1985 ਵਿਚ, ਅਮਰੀਕਾ ਦੀ ਆਪਣੀ ਪਹਿਲੀ ਫੇਰੀ ਦੇ ਦੌਰਾਨ, ਮੈਂ ਆਪਣੇ ਇਕ ਰਿਸ਼ਤੇਦਾਰ ਸ਼੍ਰੀ ਭਗਤ ਰਾਮ ਸੰਧੂ ਦੇ ਨਾਲ ਲੌਸ ਏਂਜਲਸ ਵਿਖੇ ਇਕ ਧਾਰਮਕ ਸਥਾਨ ਤੇ ਗਿਆ। ਉਹ ਸਥਾਨ ਯੋਗੀ ਪਰਮਹੰਸ ਯੋਗਾਨੰਦਾ ਦੁਆਰਾ ਸਥਾਪਤ ਸੈਲਫ਼ ਰਿਅਲਾਈਜ਼ੇਸ਼ਨ ਫ਼ੈਲੋਸ਼ਿਪ ਦਾ ਹੈੱਡ-ਕੁਆਟਰ ਸੀ। ਉਥੇ ਅਸੀਂ ਦਯਾਮਾਤਾ ਅਤੇ ਸੰਸਾਰ ਦੇ ਵੱਖ-ਵੱਖ ਮੁਲਕਾਂ ਦੇ 10-15 ਹੋਰਨਾਂ ਵਿਅਕਤੀਆਂ ਨੂੰ ਵੀ ਮਿਲੇ। ਮੈਨੂੰ ਦਯਾਮਾਤਾ ਜੀ ਨਾਲ ਮੁਲਾਕਾਤ ਕਰਨ ਲਈ ਤਿੰਨ ਮਹੀਨੇ ਦੇ ਇੰਤਜ਼ਾਰ ਤੋਂ ਬਾਅਦ ਦਾ ਸਮਾਂ ਦਿੱਤਾ ਗਿਆ ਕਿਉਂਕਿ ਉਨ੍ਹਾਂ ਦਾ ਸ਼ਡਿਯੂਲ ਬੜਾ ਬਿਜ਼ੀ ਸੀ। ਮੈਂ ਉਸ ਸਥਾਨ ਤੇ ਇਸ ਲਈ ਗਿਆ ਸੀ ਕਿਉਂਕਿ ਹਰਿਆਣਾ ਪੁਲਿਸ ਦੇ ਇਕ ਇੰਸਪੈਕਟਰ ਜਨਰਲ, ਜਿਸ ਦੀ ਧਰਮ-ਪਤਨੀ ਉਸ ਸੰਸਥਾ ਦੀ ਅਨੁਆਈ ਸੀ, ਨੇ ਮੈਨੂੰ ਇਸ ਲਈ ਕਿਹਾ ਸੀ।
ਉਨ੍ਹਾਂ ਦਿਨਾਂ ਵਿਚ ਸੈਲਫ਼ ਰਿਅਲਾਈਜ਼ੇਸ਼ਨ ਫ਼ੈਲੋਸ਼ਿਪ ਦੁਆਰਾ ਲੌਸ ਏਂਜਲਸ ਦੇ ਬੌਨਾਵੈਂਚਰ ਹੋਟਲ ਵਿਖੇ ਇਕ ਵਿਸ਼ਵ ਕਾਨਫ਼ਰੰਸ ਵੀ ਆਯੋਜਿਤ ਕੀਤੀ ਗਈ ਸੀ। ਸੁਭਾਗ ਨਾਲ, ਮੈਨੂੰ ਉਹ ਕਾਨਫ਼ਰੰਸ ਅਟੈਂਡ ਕਰਨ ਦੀ ਇਜਾਜ਼ਤ ਦਿੱਤੀ ਗਈ ਭਾਵੇਂ ਮੈਂ ਉਸ ਸੰਸਥਾ ਦਾ ਮੈਂਬਰ ਨਹੀਂ ਸੀ। ਮੈਂ ਪੂਰੇ ਸੱਤ ਦਿਨ ਉਹ ਕਾਨਫ਼ਰੰਸ ਅਟੈਂਡ ਕੀਤੀ। ਮੇਰੀ ਧਰਮ-ਪਤਨੀ ਨੇ ਵੀ ਇਕ ਦਿਨ ਉਹ ਕਾਨਫ਼ਰੰਸ ਅਟੈਂਡ ਕੀਤੀ। ਉਹ ਸਾਰਾ ਸਮਾਗਮ ਬਹੁਤ ਹੀ ਅੱਛਾ ਸੀ ਅਤੇ ਮੇਰੇ ਜੀਵਨ ਦੀ ਇਕ ਮਹੱਤਵਪੂਰਣ ਘਟਨਾ ਸੀ। ਮੇਰੀ ਕਾਮਨਾ ਹੈ ਕਿ ਹਰ ਕਿਸੇ ਨੂੰ ਆਪਣੇ ਜੀਵਨ-ਕਾਲ ਵਿਚ ਅਜਿਹੇ ਸਮਾਗਮਾਂ ਵਿਚ ਸ਼ਿਰਕਤ ਕਰਨ ਦਾ ਸੁਭਾਗਾ ਅਵਸਰ ਮਿਲੇ।
No comments:
Post a Comment