ਜਦੋਂ ਅਸੀਂ ਲੌਸ ਅਲਾਮੌਸ ਵਿਖੇ ਰਹਿ ਰਹੇ ਸੀ, ਤਾਂ ਸਾਡਾ ਪੜੌਸੀ ਮੇਰਾ ਮਿੱਤਰ ਬਣ ਗਿਆ। ਇਕ ਦਿਨ ਅਸੀਂ ਆਪਣੇ ਵਿਚਾਰ ਸਾਂਝੇ ਕਰ ਰਹੇ ਸਾਂ ਅਤੇ ਗੱਲਾਂ-ਗੱਲਾਂ ਵਿਚ ਮੇਰੀ ਨਜ਼ਰ ਦੇ ਸਬੰਧ ਵਿਚ ਜ਼ਿਕਰ ਹੋਇਆ। ਮੈਂ ਉਸ ਨੂੰ ਦੱਸਿਆ ਕਿ ਮੇਰੇ ਡਾਕਟਰ ਨੇ ਮੈਨੂੰ ਕਿਹਾ ਹੈ ਕਿ ਮੈਂ “ਲੀਗਲੀ ਬਲਾਇੰਡ” ਹਾਂ। ਮੇਰੇ ਪੜੌਸੀ ਨੇ ਮੈਨੂੰ ਕਿਹਾ ਕਿ ਮੈਂ ਬ੍ਰੇਲ ਇੰਸਟੀਚਿਯੂਟ ਜਾਵਾਂ, ਜੋ ਕਿ ਸਾਡੇ ਘਰ ਤੋਂ ਤਕਰੀਬਨ ਤਿੰਨ ਮੀਲ ਤੇ ਹੈ। ਇਕ ਦਿਨ ਮੈਂ ਉਥੇ ਗਿਆ ਅਤੇ ਕਲਾਸ-ਰੂਮਜ਼ ਅਤੇ ਰਿਸੈਪਸ਼ਨ ਆਫ਼ਿਸ ਵੇਖਿਆ। ਮੈਂ ਉਸ ਇੰਸਟੀਚਿਯੂਟ ਦੇ ਬਹੁਤ ਚੰਗੇ ਢੰਗ ਨਾਲ ਕੰਮ-ਕਾਰ ਅਤੇ ਟੀਚਿੰਗ ਸਿਸਟਮ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਹੋਇਆ। ਸਾਰਾ ਕੁਝ ਵੇਖਣ-ਜਾਣਨ ਤੋਂ ਬਾਅਦ ਮੈਂ ਆਪਣਾ ਮਨ ਬਣਾ ਲਿਆ ਕਿ ਆਪਣੀ ਰਿਟਾਇਰਮੈਂਟ ਤੋਂ ਬਾਅਦ ਜੇਕਰ ਮੈਨੂੰ ਅਮਰੀਕਾ ਰਹਿਣ ਦਾ ਮੌਕਾ ਮਿਲਿਆ, ਤਾਂ ਮੈਂ ਉਥੇ ਦਾਖ਼ਲਾ ਲਵਾਂਗਾ।
ਜਨਵਰੀ, 1996 ਵਿਚ ਜਦੋਂ ਦੁਬਾਰਾ ਮੈਂ ਅਮਰੀਕਾ ਆਇਆ ਤਾਂ ਮੈਂ ਬ੍ਰੇਲ ਇੰਸਟੀਚਿਯੂਟ, ਐਨਾਹਿਮ, ਕੈਲੀਫ਼ੋਰਨੀਆ ਵਿਚ, ਦ੍ਰਿਸ਼ਟੀ ਵਿਹੀਨ ਜਾਂ ਦ੍ਰਿਸ਼ਟੀ ਰੋਗਾਂ ਤੋਂ ਪੀੜਤ ਵਿਅਕਤੀਆਂ, ਇਸਤਰੀਆਂ ਅਤੇ ਬੱਚਿਆਂ ਲਈ ਨਵੀਂ ਦ੍ਰਿਸ਼ਟੀ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ਲਈ ਕਲਾਸਾਂ ਵਿਚ ਦਾਖ਼ਲਾ ਲੈਣ ਦਾ ਇਰਾਦਾ ਬਣਾਇਆ।
ਮੈਂ ਆਪਣਾ ਅਧਿਐਨ ਜਾਰੀ ਰਖਿਆ ਅਤੇ ਨਿਯਮਿਤ ਰੂਪ ਵਿਚ ਆਪਣੀਆਂ ਕਲਾਸਾਂ ਅਟੈਂਡ ਕਰਦਾ ਰਿਹਾ। ਮੈਂ ਵੱਖ-ਵੱਖ ਵਿਸ਼ਿਆਂ ਤੇ ਕਲਾਸਾਂ ਅਟੈਂਡ ਕੀਤੀਆਂ ਪਰ ਦੋ ਖ਼ਾਸ ਵਿਸ਼ੇ ਸਨ, ਭਾਵ (i) ਅੰਗ੍ਰੇਜ਼ੀ ਦੂਜੀ ਭਾਸ਼ਾ ਅਤੇ (ii) ਸੁਤੰਤਰ ਰਹਿਣ ਦੇ ਢੰਗ। ਇੰਸਟੀਚਿਯੂਟ ਦੇ ਅਮਲੇ ਅਤੇ ਆਪਣੇ ਸਹਿਪਾਠੀਆਂ ਅਤੇ ਖ਼ਾਸ ਕਰਕੇ ਆਪਣੇ ਅਧਿਆਪਕਾਂ ਦੇ ਸਹਿਯੋਗ ਅਤੇ ਮਦਦ ਸਦਕਾ, ਮੈਨੂੰ ਨਵੰਬਰ 1998 ਵਿਚ ਆਪਣਾ ਪਹਿਲਾ ਪ੍ਰਸ਼ੰਸਾ-ਪੱਤਰ ਪ੍ਰਾਪਤ ਹੋਇਆ, ਜੋ ਹੇਠ ਅਨੁਸਾਰ ਸੀ:
“ਸ਼੍ਰੀ ਗੁਰਬਚਨ ਚੰਦ ਨੂੰ ਜਨਵਰੀ 1996 ਤੋਂ ਹੁਣ ਤਕ ਬ੍ਰੇਲ ਇੰਸਟੀਚਿਯੂਟ, ਓਰੈਂਜ ਕਾਊਂਟੀ ਵਿਚ ਕਲਾਸਾਂ ਅਟੈਂਡ ਕਰਨ ਲਈ ਦਾਖ਼ਲਾ ਦਿੱਤਾ ਗਿਆ ਹੈ। ਉਸਨੇ ਨਿਮਨਲਿਖਤ ਕਲਾਸਾਂ ਸਫ਼ਲਤਾਪੂਰਵਕ ਮੁਕੰਮਲ ਕਰ ਲਈਆਂ ਹਨ:
ਇੰਗਲਿਸ਼ ਦੂਸਰੀ ਭਾਸ਼ਾ ਦੇ ਰੂਪ ਵਿਚ (ਇੰਗਲਿਸ਼ ਐਜ਼ ਏ ਸੈਕਿੰਡ ਲੈਂਗੁਏਜ)
ਸੁਤੰਤਰ ਰਹਿਣ ਦੇ ਢੰਗ (ਇੰਡੀਪੈਂਡੈਂਟ ਸਕਿੱਲਜ਼)
ਸੰਵੇਦਕ ਜਾਗਰੂਕਤਾ (ਸੈਂਸਰੀ ਅਵੇਅਰਨੈੱਸ)
ਸਥਿਤੀ-ਗਿਆਨ ਅਤੇ ਗਤੀਸ਼ੀਲਤਾ (ਓਰੀਐਂਟੇਸ਼ਨ ਐਂਡ ਮੋਬਿਲਿਟੀ)
ਤਨਾਓ ਨੂੰ ਕਾਬੂ ਕਰਨਾ (ਸਟ੍ਰੈਸ ਮੈਨੇਜਮੈਂਟ)
ਆਪਣੇ ਆਪ ਨੂੰ ਵਰੋਸਾਉਣਾ (ਇਨਵੈਸਟ ਇਨ ਯੁਅਰਸੈਲਫ਼)
ਸਫ਼ਲਤਾਪੂਰਵਕ ਬੁਢਾਪਾ/ ਵਿਸ਼ਵ ਦੇ ਧਰਮਾਂ ਦਾ ਮਹੱਤਵ (ਸਕਸੈਸਫ਼ੁਲ ਏਜਿੰਗ/ਇੰਪੌਰਟੈਂਟ ਵਰਡ ਰਿਲੀਜੰਜ਼)
ਖ਼ਬਰਾਂ ਅਤੇ ਵਿਚਾਰ (ਨਿਊਜ਼ ਐਂਡ ਵਿਊਜ਼)
ਕ੍ਰਿਆਸ਼ੀਲ ਯਾਦਾਸ਼ਤ (ਮੈਮੋਰੀ ਐਲਾਈਵ)
ਮਿਸਟਰ ਚੰਦ ਦੀ ਹਾਜ਼ਰੀ ਬਹੁਤ ਹੀ ਵਧੀਆ ਰਹੀ ਅਤੇ ਉਹ ਇਕ ਬੜਾ ਉਤਸ਼ਾਹੀ ਵਿਦਿਆਰਥੀ ਹੈ।”
ਇਸ ਤੋਂ ਬਾਅਦ ਮੈਂ ਇੰਡੀਆ ਚਲਾ ਗਿਆ ਅਤੇ ਕੁਝ ਮਹੀਨਿਆਂ ਬਾਅਦ ਵਾਪਸ ਅਮਰੀਕਾ ਪਰਤਨ ਤੇ, ਮੈਂ ਉਸੇ ਇੰਸਟੀਚਿਯੂਟ ਵਿਚ ਕਲਾਸਾਂ ਅਟੈਂਡ ਕਰਨੀਆਂ ਸ਼ੁਰੂ ਕਰ ਦਿੱਤੀਆਂ।
No comments:
Post a Comment