Thursday, March 3, 2011

ਕਲਾਸਾਂ ਅਟੈਂਡ ਕਰਨ ਦਾ ਮੇਰਾ ਇਕ ਦਹਾਕਾ

ਪਰਮਾਤਮਾ ਦੀ ਅਸੀਮ ਕਿਰਪਾ ਅਤੇ ਆਪਣੇ ਟੀਚਰਾਂ ਦੀ ਮਦਦ ਨਾਲ ਮੈਂ ਬ੍ਰੇਲ ਇੰਸਟੀਚਿਯੂਟ ਦੀਆਂ ਕਲਾਸਾਂ ਪੰਜ ਸਾਲਾਂ ਤੱਕ ਅਟੈਂਡ ਕਰ ਲਈਆਂ। ਮੈਂ ਇਸ ਇੰਸਟੀਚਿਯੂਟ ਦੇ ਵਿਦਿਅਕ ਵਾਤਾਵਰਨ ਤੋਂ ਏਨਾ ਪ੍ਰਭਾਵਿਤ ਅਤੇ ਉਤਸ਼ਾਹਿਤ ਸੀ ਕਿ ਮੈਂ ਸੰਨ 2006 ਵਿਚ ਓਰੈਂਜ ਕਾਊਂਟੀ ਬ੍ਰੇਲ ਇੰਸਟੀਚਿਊਟ ਵਿਚ ਆਪਣਾ ਇਕ ਦਹਾਕਾ ਮੁਕੰਮਲ ਕਰ ਲਿਆ।

ਸੋ ਮੈਂ ਖ਼ੁਸ਼ ਸਾਂ ਕਿ ਮੇਰਾ ਸੁਪਨਾ ਪੂਰਾ ਹੋ ਗਿਆ ਸੀ ਅਤੇ ਮੇਰੇ ਅੰਦਰ ਦੀਆਂ ਇੱਛਾਵਾਂ ਹਕੀਕਤ ਵਿਚ ਬਦਲ ਗਈਆਂ ਹਨ।

ਇਹ ਸੱਚ ਹੈ ਕਿ ਜੇਕਰ ਕੋਈ ਵਿਅਕਤੀ ਕਿਸੇ ਚੰਗੇ ਕੰਮ ਲਈ ਆਪਣੇ ਹਿਰਦੇ ਦੀਆਂ ਗਹਿਰਾਈਆਂ ਤੋਂ ਨਿਸ਼ਚਾ ਕਰਦਾ ਹੈ, ਤਾਂ ਉਹ ਸੱਚੀ ਲਗਨ ਨਾਲ ਕੀਤੀਆਂ ਕੋਸ਼ਿਸ਼ਾਂ ਦੇ ਸਦਕਾ ਅਵੱਸ਼ ਹੀ ਆਪਣੇ ਮਿਸ਼ਨ ਵਿਚ ਸਫ਼ਲਤਾ ਪ੍ਰਾਪਤ ਕਰ ਲੈਂਦਾ ਹੈ।

ਮੇਰਾ ਇਹ ਸੁਪਨਾ ਸੀ ਕਿ ਜੇਕਰ ਆਪਣੀ ਰਿਟਾਇਰਮੈਂਟ ਤੋਂ ਬਾਅਦ ਮੈਨੂੰ ਇਥੇ (ਯੂ.ਐਸ.ਏ. ਵਿਚ) ਰਹਿਣ ਦਾ ਮੌਕਾ ਮਿਲਿਆ, ਤਾਂ ਮੈਂ ਅਮਰੀਕਾ ਵਿਚ ਹੋਰ ਵਿਦਿਆ ਪ੍ਰਾਪਤ ਕਰਾਂਗਾ। 1985 ਦੌਰਾਨ ਆਪਣੀ ਅਮਰੀਕਾ ਫੇਰੀ ਵੇਲੇ ਮੈਂ ਲਾ-ਮਿਰਾਦਾ ਡਿਸਟ੍ਰਿਕਟ ਹਾਈ ਸਕੂਲ, ਜੋ ਕਿ (ਨੌਰ ਵਾਕ ਵਿਚ) ਸਾਡੇ ਘਰ ਤੋਂ ਨੇੜੇ ਹੀ ਸੀ, ਜਾਣਾ ਸ਼ੁਰੂ ਕਰ ਦਿੱਤਾ ਸੀ।

ਉਸ ਅਰਸੇ ਦੌਰਾਨ ਮੈਂ ਸਕੂਲ ਦੇ ਸਾਲਾਨਾ ਸਮਾਗਮ ਵਿਚ ਹਿੱਸਾ ਲਿਆ ਸੀ। ਸਾਡੀ ਟੀਚਰ ਨੇ ਸਾਨੂੰ ਕਿਹਾ ਕਿ ਜੋ ਕੋਈ ਸਮਾਗਮ ਵਿਚ ਹਿੱਸਾ ਲੈਣਾ ਚਾਹੁੰਦਾ ਹੈ ਉਸਨੂੰ ਆਪਣੇ-ਆਪਣੇ ਮੁਲਕ ਦੀ ਪੋਸ਼ਾਕ ਪਾ ਕੇ ਆਉਣਾ ਹੋਵੇਗਾ। ਇਸੇ ਅਨੁਸਾਰ ਮੈਂ ਉਸ ਸਮਾਰੋਹ ਵਿਚ ਹਿੱਸਾ ਲਿਆ ਅਤੇ ਉਸ ਅਭੁੱਲ ਅਵਸਰ ਦੀਆਂ ਤਸਵੀਰਾਂ ਹੇਠਾਂ ਛਾਪੀਆਂ ਗਈਆਂ ਹਨ:




ਲਾ-ਮਿਰਾਦਾ, ਲੌਸ ਐਂਜਲਸ, ਕੈਲੀਫ਼ੋਰਨੀਆ, ਯੂ.ਐਸ.ਏ. ਦੇ ਡਿਸਟ੍ਰਿਕਟ ਹਾਈ ਸਕੂਲ ਦਾ 1985 ਵਿਚ ਹੋਇਆ ਸਾਲਾਨਾ ਸਮਾਗਮ
(ਪਗੜੀ ਸਜਾਈ ਇੰਡੀਆ ਤੋਂ ਗੁਰਬਚਨ ਚੰਦ ਖੱਬਿਉਂ ਚੌਥੇ ਨਜ਼ਰ ਆ ਰਹੇ ਹਨ)

ਇਸ ਲਈ, ਇਹ ਮੇਰੇ ਉਸ ਮਿਸ਼ਨ ਦੀ ਸ਼ੁਰੂਆਤ ਸੀ ਕਿ ਮੈਂ ਆਪਣੀ ਰਿਟਾਇਰਮੈਂਟ ਤੋਂ ਬਾਅਦ ਇਸ ਸ਼ਾਨਦਾਰ ਮੁਲਕ ਵਿਚ ਵਿਦਿਆ ਪ੍ਰਾਪਤ ਕਰਾਂਗਾ।

ਜਦੋਂ ਮੈਂ ਮੁੜ ਅਮਰੀਕਾ ਆਇਆ ਤਾਂ ਸਾਈਪਰਸ ਕਾਲਿਜ, ਸਾਈਪਰਸ, ਜੋ ਕਿ ਓਰੈਂਜ ਕਾਊਂਟੀ ਵਿਚ ਪੈਂਦਾ ਹੈ, ਵਿਚ ਕਲਾਸਾਂ ਅਟੈਂਡ ਕੀਤੀਆਂ।

ਇਥੇ ਇਸ ਗੱਲ ਦਾ ਵਰਣਨ ਕਰਨਾ ਵੀ ਬਹੁਤ ਜ਼ਰੂਰੀ ਹੈ ਕਿ ਮੇਰੀ ਧਰਮ-ਪਤਨੀ ਨੇ ਵੀ ਯੂ.ਐਸ.ਏ. ਵਿਚ ਇਕ ਕਾਲਿਜ ਵਿਚ ਦਾਖ਼ਲਾ ਲਿਆ। ਮੇਰੀ ਧਰਮ-ਪਤਨੀ ਆਪਣੇ ਜੀਵਨ ਵਿਚ ਇੰਡੀਆ ਵਿਚ ਰਹਿੰਦਿਆਂ ਕਿਸੇ ਸਕੂਲ ਵਿਚ ਨਹੀਂ ਗਈ ਸੀ ਕਿਉਂਕਿ ਉਦੋਂ ਕੁੜੀਆਂ ਨੂੰ, ਖ਼ਾਸ ਕਰਕੇ ਪੇਂਡੂ ਇਲਾਕੇ ਦੀਆਂ ਕੁੜੀਆਂ ਨੂੰ ਸਕੂਲ ਭੇਜਣ ਦਾ ਕੋਈ ਰਿਵਾਜ਼ ਨਹੀਂ ਸੀ। ਪਰ ਜਦੋਂ ਅਸੀਂ ਅਮਰੀਕਾ ਆਏ ਤਾਂ ਮੇਰੀ ਧਰਮ-ਪਤਨੀ ਨੂੰ ਓਰੈਂਜ ਕਾਊਂਟੀ ਦੇ ਸਾਈਪਰਸ ਕਾਲਿਜ ਵਿਚ ਜਾਣ ਦਾ ਅਵਸਰ ਮਿਲਿਆ। ਇਸ ਤੋਂ ਇਲਾਵਾ, ਜਦੋਂ ਅਸੀਂ ਅਮਰੀਕਾ ਆਏ ਤਾਂ ਉਸਨੇ ਪੰਜਾਬੀ ਭਾਸ਼ਾ ਸਿੱਖਣੀ ਸ਼ੁਰੂ ਕਰ ਦਿੱਤੀ। ਅਜਕਲ ਉਹ ਪੰਜਾਬੀ ਭਾਸ਼ਾ ਵਿਚ ਪੁਸਤਕਾਂ ਅਤੇ ਅਖ਼ਬਾਰਾਂ ਪੜ੍ਹ ਲੈਂਦੀ ਹੈ। ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਉਹ ਸਵੇਰੇ “ਆਸਾ ਦੀ ਵਾਰ” ਅਤੇ ਸ਼ਾਮ ਨੂੰ “ਰਹਿਰਾਸ ਸਾਹਿਬ” ਦਾ ਪਾਠ ਕਰਦੀ ਹੈ।

ਮੈਂ ਆਪਣੀ ਧਰਮ-ਪਤਨੀ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਸਰਵਸ਼ਕਤੀਮਾਨ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਅਮਰੀਕਾ ਮੁਲਕ ਤੇ ਹੋਰ ਬਖ਼ਸ਼ਿਸ਼ ਕਰੇ ਕਿ ਉਹ ਭਵਿੱਖ ਵਿਚ ਹੋਰ ਖ਼ੁਸ਼ਹਾਲ ਬਣੇ ਅਤੇ ਤਰੱਕੀ ਕਰੇ ਤਾ ਕਿ ਉਹ ਵਿਸ਼ਵ ਦੇ ਹੋਰਨਾਂ ਮੁਲਕਾਂ ਖ਼ਾਸ ਕਰਕੇ ਘੱਟ ਵਿਕਸਿਤ ਮੁਲਕਾਂ ਦੀ ਮਦਦ ਕਰਦਾ ਰਹੇ।

No comments:

Post a Comment